ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੰਮ੍ਰਿਤਸਰ ਦੇ ਅਦਲੀਵਾਲ ਵਿੱਚ ਨਿਰੰਕਾਰੀ ਡੇਰੇ 'ਤੇ ਹੋਏ ਹਮਲੇ ਨੂੰ ਲੈ ਕੇ ਕਾਂਗਰਸ ਸਰਕਾਰ ਨੂੰ ਘੇਰਿਆ ਹੈ। 'ਆਪ' ਲੀਡਰਾਂ ਨੇ ਕਿਹਾ ਕਿ ਸੂਬੇ ‘ਚ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ। ਸੂਬੇ ਤੇ ਕੇਂਦਰ ਦਾ ਗ੍ਰਹਿ ਮੰਤਰਾਲਾ, ਪੁਲਿਸ-ਪ੍ਰਸ਼ਾਸਨ ਤੇ ਖ਼ੁਫ਼ੀਆ ਏਜੰਸੀਆਂ ਪੂਰੀ ਤਰਾਂ ਫ਼ੇਲ੍ਹ ਹੋ ਚੁੱਕੀਆਂ ਹਨ। ਨਤੀਜਣ ਦੇਸ਼ ਤੇ ਸਮਾਜ ਵਿਰੋਧੀ ਤਾਕਤਾਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ‘ਚ ਕਾਮਯਾਬ ਹੋ ਜਾਂਦੀਆਂ ਹਨ ਜੋ ਦੇਸ਼ ਦੀ ਏਕਤਾ-ਅਖੰਡਤਾ ਤੇ ਆਪਸੀ ਸਦਭਾਵਨਾ ਲਈ ਖ਼ਤਰਨਾਕ ਹਨ।
ਆਮ ਆਦਮੀ ਪਾਰਟੀ ਪੰਜਾਬ ਦੀ ਅੱਜ ਚੰਡੀਗੜ੍ਹ ‘ਚ ਹੋਈ ਬੈਠਕ ਦੌਰਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਤੇ ਕੋਰ ਕਮੇਟੀ ਮੈਂਬਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹੀਆਂ ਘਟਨਾਵਾਂ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦੇ ਕਿਹਾ ਕਿ ਜਾਂ ਤਾਂ ਉਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦੀ ਹੈ ਜਾਂ ਫਿਰ ਉਹ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਕਿਸੇ ਹੋਰ ਜ਼ਿੰਮੇਵਾਰ ਮੰਤਰੀ ਨੂੰ ਦੇ ਦੇਣ।
‘ਆਪ’ ਕੋਰ ਕਮੇਟੀ ਨੇ ਇਸ ਘਟਨਾ ਦੀ ਸਮਾਂਬੱਧ ਨਿਆਇਕ ਜਾਂਚ ਦੀ ਮੰਗ ਕੀਤੀ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਸਦਭਾਵਨਾ ਨੂੰ ਹਰ ਪੱਧਰ ‘ਤੇ ਬਰਕਰਾਰ ਰੱਖਣ।