'84 ਕਤਲੇਆਮ ਨੂੰ ਮੌਬ ਲਿੰਚਿੰਗ ਦੱਸਣ 'ਤੇ 'ਆਪ' ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਘੇਰਿਆ
ਏਬੀਪੀ ਸਾਂਝਾ | 21 Jul 2018 06:29 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ 1984 ਦੀ ਸਿੱਖ ਨਸਲਕੁਸ਼ੀ ਨੂੰ ਮਹਿਜ਼ ਹਜੂਮੀ ਕਤਲ (ਮੌਬ ਲਿੰਚਿੰਗ) ਤਕ ਸੀਮਤ ਕਰਨ ਦਾ ਸਖ਼ਤ ਵਿਰੋਧ ਕੀਤਾ ਹੈ ਤੇ ਇਸ ਨੂੰ ਇੱਕ ਹੋਰ ਬੇਇਨਸਾਫ਼ੀ ਕਰਾਰ ਦਿੱਤਾ। 'ਆਪ' ਦੇ ਪੰਜਾਬ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ 1984 'ਚ ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆ 'ਚ ਸਿੱਖਾਂ ਖ਼ਿਲਾਫ਼ ਹੋਈ ਸੋਚੀ ਸਮਝੀ ਨਸਲਕੁਸ਼ੀ ਨੂੰ ਸਿਰਫ਼ ਹਜੂਮੀ ਕਤਲੋਗਾਰਤ ਤਕ ਸੀਮਤ ਕਰ ਕੇ ਰਾਜਨਾਥ ਸਿੰਘ ਨੇ ਦੁਨੀਆ ਭਰ 'ਚ ਵੱਸਦੇ ਪੰਜਾਬੀਆਂ, ਇਨਸਾਫ਼ ਪਸੰਦਾਂ ਖ਼ਾਸ ਕਰ ਕੇ ਪੀੜਤ ਸਿੱਖ ਕੌਮ ਦੇ ਦਹਾਕਿਆਂ ਤੋਂ ਅੱਲੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਸ ਬਿਆਨ ਨੂੰ ਤੁਰੰਤ ਵਾਪਸ ਲੈਣ ਅਤੇ ਇਮਾਨਦਾਰੀ ਨਾਲ ਦੱਸਣ ਕਿ ਉਸ ਸਮੇਂ ਕਾਂਗਰਸ ਹਕੂਮਤ ਦੀ ਨੱਕ ਹੇਠ ਕਈ ਦਿਨ ਚੱਲੀ ਸਿੱਖਾਂ ਦੀ ਕਤਲੋਗਾਰਤ ਅਸਲ ਵਿੱਚ ਨਸਲਕੁਸ਼ੀ ਸੀ ਜਾਂ ਨਹੀਂ? 'ਡਾ. ਬਲਬੀਰ ਨੇ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਭਾਜਪਾ ਨੇ ਵੀ 1984 ਦੀ ਨਸਲਕੁਸ਼ੀ ਦੇ ਪੀੜਤ ਸਿੱਖਾਂ ਨੂੰ ਆਪਣੀਆਂ ਸਰਕਾਰਾਂ ਦੌਰਾਨ ਸਮਾਂ ਬੱਧ ਇਨਸਾਫ਼ ਦੇਣ 'ਚ ਦਿਲਚਸਪੀ ਨਹੀਂ ਦਿਖਾਈ। ਸੂਬਾ ਸਹਿ ਪ੍ਰਧਾਨ ਨੇ ਕੇਂਦਰ 'ਚ ਭਾਜਪਾ ਦੇ ਭਾਈਵਾਲ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਸਪੱਸ਼ਟੀਕਰਨ ਮੰਗਿਆ ਕਿ ਉਹ ਦੱਸਣ ਕਿ 1984 'ਚ ਸਿੱਖਾਂ ਨਾਲ ਜੋ ਕੁਝ ਵਾਪਰਿਆ ਉਹ ਨਸਲਕੁਸ਼ੀ ਸੀ, ਦੰਗੇ ਸਨ ਜਾਂ ਹਜੂਮੀ ਕਤਲ (ਲਿੰਚਿੰਗ) ਸੀ?