ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੀਜੀਪੀ ਸੁਰੇਸ਼ ਅਰੋੜਾ ਨੂੰ ਮੋਗਾ ਤੋਂ ਸਾਬਕਾ ਐਸਐਸਪੀ ਰਾਜ ਜੀਤ ਸਿੰਘ ਹੁੰਦਲ ਸਬੰਧੀ ਮਾਮਲੇ ਵਿੱਚ ਜਵਾਬ ਦਾਖ਼ਲ ਨਾ ਕਰਨ ’ਤੇ 25 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ ਹੈ।

ਅਦਾਲਤ ਨੇ 13 ਅਗਸਤ ਨੂੰ ਡੀਜੀਪੀ ਸੁਰੇਸ਼ ਨੂੰ ਸੰਮਣ ਦੇਣ ਲਈ ਕਿਹਾ ਸੀ, ਪਰ ਕਾਨੂੰਨੀ ਅਧਿਕਾਰੀਆਂ ਜ਼ਰੀਏ ਉਨ੍ਹਾਂ ਨੂੰ ਨਿੱਜੀ ਮੌਜੂਦਗੀ ਤੋਂ ਛੋਟ ਮਿਲ ਗਈ ਤੇ ਜਿਸ ਪਿੱਛੋਂ ਉਨ੍ਹਾਂ ਨੂੰ ਇਹ ਜ਼ੁਰਮਾਨਾ ਲਾਇਆ ਗਿਆ ਹੈ। ਅਦਾਲਤ ਵੱਲੋਂ 22 ਮਈ ਨੂੰ ਤਲਬ ਕੀਤੇ ਜਵਾਬ ਦੇਣ ਵਿੱਚ ਡੀਜੀਪੀ ਅਸਫਲ ਰਹੇ, ਜਿਸ ਵਿੱਚ ਉਨ੍ਹਾਂ ਨੂੰ ਦੋ ਹਫ਼ਤਿਆਂ ਅੰਦਰ ਸਾਬਕਾ ਐਸਐਸਪੀ ਰਾਜ ਜੀਤ ਵੱਲੋਂ ਪੇਸ਼ ਹਲਫਨਾਮੇ ਸਬੰਧੀ ਉਨ੍ਹਾਂ ਦੀ ਪ੍ਰਤਿਕਿਰਿਆ ਦੇਣ ਲਈ ਕਿਹਾ ਗਿਆ ਸੀ। ਹਾਲਾਂਕਿ, ਉਹ 19 ਜੁਲਾਈ ਦੀ ਪਈ ਤਾਰੀਖ਼ ਤਕ ਵੀ ਕੋਈ ਜਵਾਬ ਨਹੀਂ ਦੇ ਸਕੇ ਸੀ।

ਡੀਜੀਪੀ ਅਰੋੜਾ ਕੋਲੋਂ ਕਥਿਤ ਗ਼ੈਰ ਕਾਨੂੰਨੀ ਹਿਰਾਸਤ ਕੇਸ ਸਬੰਧੀ ਜਵਾਬ ਮੰਗਿਆ ਗਿਆ ਸੀ ਜਿਸ ਵਿੱਚ ਮੋਗਾ ਦੇ ਬੇਅੰਤ ਸਿੰਘ ਦੀ ਪਤਨੀ ਸਮਨਜੀਤ ਕੌਰ ਨੇ ਇਸੇ ਸਾਲ 6 ਫਰਵਰੀ ਨੂੰ ਅਦਾਲਤ ਵਿੱਚ ਉਸ ਦੇ ਪਤੀ ਨੂੰ ਪੁਲਿਸ ਨੇ ਕਥਿਤ ਤੌਰ 'ਤੇ ਧੱਕੇ ਨਾਲ ਗ੍ਰਿਫ਼ਤਾਰ ਕੀਤਾ ਸੀ ਤੇ ਅਦਾਲਤ ਦੇ ਦਖ਼ਲ ਤੋਂ ਬਾਅਦ ਉਸ ਨੂੰ ਬਾਘਾਪੁਰਾਣਾ ਪੁਲਿਸ ਸਟੇਸ਼ਨ ਤੋਂ ਰਿਹਾਅ ਕੀਤਾ ਗਿਆ ਸੀ। ਇਸ ਕੇਸ ਸਬੰਧੀ ਥਾਣੇ ਵਿੱਚ ਤਾਇਨਾਤ ਵਾਰੰਟ ਅਧਿਕਾਰੀ ਨੇ ਦੱਸਿਆ ਸੀ ਕਿ ਸਥਾਨਕ ਸਟੇਸ਼ਨ ਹਾਊਸ ਅਫਸਰ ਨੇ ਮੰਨਿਆ ਸੀ ਕਿ ਬਿਨਾ FIR ਤੇ DDR ਦੇ ਬੇਅੰਤ ਹਿਰਾਸਤ ਵਿੱਚ ਲਿਆ ਹੈ।

ਅਧਿਕਾਰੀ ਨੇ ਅਦਾਲਤ ਵਿੱਚ ਇੱਕ ਬਕਸਾ ਵੀ ਪੇਸ਼ ਕੀਤਾ ਜਿਸ ਵਿੱਚ ਬੇਅੰਤ ਸਿੰਘ ਦੇ ਪਰਿਵਾਰ ਦੇ ਮੋਬਾਈਲ ਬਿੱਲ ਰੱਖੇ ਗਏ ਸੀ। ਇਹ ਬਕਸਾ ਪੁਲਿਸ ਸਟੇਸ਼ਨ ਤੋਂ ਬਰਾਮਦ ਕੀਤਾ ਗਿਆ ਸੀ। ਇਸ ਸਬੰਧੀ ਅਦਾਲਤ ਨੇ ਰਾਜ ਜੀਤ ਕੋਲੋਂ ਜਵਾਬ ਮੰਗਿਆ ਸੀ। ਬੇਅੰਤ ਸਿੰਘ ਦੇ ਪਰਿਵਾਰ ਮੁਤਾਬਕ, ਉਸ ਨੂੰ ਬਿਨ੍ਹਾਂ FIR ਪੂਰੇ ਦੋ ਦਿਨ ਗ਼ੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਤੇ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਬੇਅੰਤ ਸਿੰਘ ਦੇ ਪਰਿਵਾਰ ਨੇ ਅਦਾਲਤ ਪਹੁੰਚ ਕੀਤੀ ਹੈ ਤਾਂ ਉਸ ਨੂੰ ਰਿਹਾਅ ਕੀਤਾ ਗਿਆ।

ਇਸ ਤੋਂ ਬਾਅਦ 28 ਮਾਰਚ ਨੂੰ ਰਾਜ ਜੀਤ ਨੇ ਹਲਫੀਆ ਬਿਆਨ ਦੇ ਕੇ ਅਦਾਲਤ ਵੱਲੋਂ ਨਿਯੁਕਤ ਕੀਤੇ ਗਏ ਅਫਸਰ ਦੀ ਰਿਪੋਰਟ ਦਾ ਖੰਡਨ ਕੀਤਾ ਤੇ ਕਿਹਾ ਕਿ ਬੇਅੰਤ ਸਿੰਘ ਦੇ ਖਿਲਾਫ ਗ਼ੈਰ ਸਮਾਜੀ ਅਨਸਰਾਂ ਨਾਲ ਸਬੰਧ ਹੋਣ ਦਾ ਮਾਮਲਾ ਦਰਜ ਸੀ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਬਿਅੰਤ ਸਿੰਘ ਖ਼ਿਲਾਫ਼ ਡੀਆਰਡੀ ਮੌਜੂਦ ਸੀ ਤੇ ਉਸ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ।

22 ਮਈ ਨੂੰ ਅਦਾਲਤ ਨੇ ਐਸਐਸਪੀ ਦੇ ਹਲਫਨਾਮੇ ਨੂੰ ਗੰਭੀਰਤਾ ਨਾਲ ਲਿਆ ਤੇ ਇਸ ’ਤੇ ਡੀਜੀਪੀ ਦੀ ਪ੍ਰਤੀਕਿਰਿਆ ਮੰਗੀ ਸੀ ਕਿ ਐਸਐਸਪੀ ਨੇ ਵਾਰੰਟ ਅਫਸਰ ਦੀ ਰਿਪੋਰਟ ਦੇ ਉਲਟ ਹਲਫਨਾਵਾ ਕਿਵੇਂ ਦਰਜ ਕੀਤਾ ਜਦੋਂਕਿ ਵਾਰੰਟ ਅਫਸਰ ਨੇ ਖ਼ੁਦ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਤੇ ਰਿਪੋਰਟ ਪੇਸ਼ ਕੀਤੀ ਸੀ। ਹੁਣ ਡੀਜੀਪੀ  ਨੂੰ 13 ਅਗਸਤ ਤਕ ਇਸ ਸਬੰਧੀ ਆਪਣਾ ਜਵਾਬ ਪੇਸ਼ ਕਰਨਾ ਹੋਵੇਗਾ।