ਅੰਮ੍ਰਿਤਸਰ: ਐਸਟੀਐਫ ਨੇ ਨਾਈਜੀਰਅਨ ਔਰਤ ਨੂੰ ਇੱਕ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਹ ਗ੍ਰਿਫ਼ਤਾਰੀ ਛੋਟੇ ਨਸ਼ਾ ਤਸਕਰ ਦੀ ਸੂਹ 'ਤੇ ਕੀਤੀ ਹੈ।
ਪੁਲਿਸ ਨੇ ਬੀਤੇ ਦਿਨੀਂ ਤਰਨਤਾਰਨ ਵਾਸੀ ਨੂੰ 260 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਕੁਲਦੀਪ ਨੇ ਖੁਲਾਸਾ ਕੀਤਾ ਕਿ ਉਹ ਇਹ ਨਸ਼ਾ ਦਿੱਲੀ ਤੋਂ ਨਾਈਜੀਰਅਨ ਔਰਤ ਪਾਸੋਂ ਲੈ ਕੇ ਆਇਆ ਹੈ। ਪੁਲਿਸ ਨੇ ਉਸ ਦੀ ਸੂਹ 'ਤੇ ਹੀ ਇਸ ਔਰਤ ਨੂੰ ਕਾਬੂ ਕੀਤਾ ਗਿਆ ਹੈ।
ਅੰਮ੍ਰਿਤਸਰ ਐਸਟੀਐਫ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀ ਨਾਈਜੀਰੀਅਨ ਮਹਿਲਾ ਪੰਜਾਬ, ਹਰਿਆਣਾ ਤੇ ਹਿਮਾਚਲ ਵਿੱਚ ਹੈਰੋਇਨ ਵੇਚਣ ਦਾ ਧੰਦਾ ਕਰਦੀ ਸੀ। ਐਸਟੀਐਫ ਦੇ ਏਆਈਜੀ ਰਛਪਾਲ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀ ਨਾਈਜੀਰੀਅਨ ਔਰਤ ਭਾਰਤ ਵਿੱਚ ਨਾਜਾਇਜ਼ ਤਰੀਕੇ ਨਾਲ ਰਹੀ ਰਹੀ ਸੀ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।