ਬਟਾਲਾ: ਇੱਥੋਂ ਦੇ ਨੇੜਲੇ ਪਿੰਡ ਘਣੀਏ ਕੇ ਬਾਂਗਰ 'ਚ ਪਿਓ ਵੱਲੋਂ ਆਪਣੀ ਧੀ ਲਈ ਆਏ ਰਿਸ਼ਤੇ ਦੇ ਪ੍ਰਸਤਾਵ ਠੁਕਰਾਉਣ 'ਤੇ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ 'ਚ ਤਾਇਨਾਤ ਕਾਂਸਟੇਬਲ ਵੱਲੋਂ ਲੜਕੀ ਦੇ ਬਾਪ 'ਤੇ ਗੋਲ਼ੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।


ਕੁੜੀ ਦੇ ਪਿਓ ਗੁਰਜਿੰਦਰ ਸਿੰਘ ਨੇ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਦੀ ਬੇਟੀ ਪ੍ਰਾਈਵੇਟ ਸਕੂਲ 'ਚ ਅਧਿਆਪਕ ਹੈ। ਪਿਛਲੇ ਕਈ ਦਿਨਾਂ ਤੋਂ ਕਾਂਸਟੇਬਲ ਗੁਰਜੰਟ ਉਸ ਦੀ ਬੇਟੀ ਦਾ ਪਿੱਛਾ ਕਰ ਰਿਹਾ ਸੀ। ਇੱਥੋਂ ਤਕ ਕਿ ਉਸ ਨੇ ਕਈ ਵਾਰ ਸਕੂਲ ਤੋਂ ਵਾਪਸ ਆਉਂਦਿਆਂ ਬੇਟੀ ਨੂੰ ਜ਼ਬਰੀ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ।


ਸ਼ੁੱਕਰਵਾਰ ਸਵੇਰੇ ਗੁਰਜੰਟ ਮਠਿਆਈ ਦਾ ਡੱਬਾ ਲੈ ਕੇ ਉਨ੍ਹਾਂ ਘਰ ਆ ਗਿਆ ਤੇ ਕਹਿਣ ਲੱਗਾ ਕਿ ਉਹ ਆਪਣੀ ਧੀ ਨੂੰ ਬੁਲਾਉਣ, ਉਹ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ। ਗੁਰਜਿੰਦਰ ਸਿੰਘ ਵੱਲੋਂ ਵਿਆਹ ਦਾ ਪ੍ਰਸਤਾਵ ਠੁਕਰਾਏ ਜਾਣ ਤੇ ਗੁੱਸੇ 'ਚ ਆਏ ਗੁਰਜੰਟ ਨੇ ਬਾਹਰ ਖੜ੍ਹੀ ਗੱਡੀ ਚੋਂ ਰਫ਼ਲ ਕੱਢ ਲਿਆਂਦੀ ਤੇ ਉਨ੍ਹਾਂ ਦੀ ਬੇਟੀ ਨੂੰ ਬਾਹਰ ਕੱਢਣ ਲਈ ਲਲਕਾਰਿਆ।


ਗੁਰਜਿੰਦਰ ਸਿੰਘ ਦੇ ਮਨ੍ਹਾ ਕਰਨ 'ਤੇ ਗੁਰਜੰਟ ਨੇ ਗੁਰਜਿੰਦਰ ਸਿੰਘ 'ਤੇ ਫਾਇਰ ਕੀਤਾ ਪਰ ਪਰਿਵਾਰ ਵੱਲੋਂ ਉਨ੍ਹਾਂ ਨੂੰ ਬਚਾ ਲਿਆ ਗਿਆ। ਗੁਰਜਿੰਦਰ ਸਿੰਘ ਮੁਤਾਬਕ ਫਾਇਰ ਦੀ ਆਵਾਜ਼ ਸੁਣ ਕੇ ਕੇ ਆਂਢ-ਗੁਆਂਢ ਦੇ ਲੋਕ ਉਨ੍ਹਾਂ ਘਰ ਇਕੱਠੇ ਹੋ ਗਏ ਤੇ ਕਾਂਸਟੇਬਲ ਗੁਰਜੰਟ ਨੂੰ ਫੜ ਕੇ ਘਰੋਂ ਬਾਹਰ ਕੱਢਿਆ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮ ਗੁਰਜੰਟ ਸਿੰਘ ਪਹਿਲਾਂ ਹੀ ਵਿਆਹਿਆ ਹੋਇਆ ਹੈ ਤੇ ਉਸਦਾ ਆਪਣੀ ਪਤਨੀ ਨਾਲ ਵਿਵਾਦ ਚੱਲ ਰਿਹਾ ਹੈ।