ਚੰਡੀਗੜ੍ਹ: ਕਣਕ ਦੀ ਫ਼ਸਲ ਦਾ ਸਮੇਂ ਸਿਰ ਭੁਗਤਾਨ ਨਾ ਹੋਣ ਅਤੇ ਮੰਡੀਆਂ 'ਚ ਬੇਹੱਦ ਢਿੱਲੇ ਲਿਫ਼ਟਿੰਗ ਪ੍ਰਬੰਧਾਂ ਕਾਰਨ ਕਿਸਾਨਾਂ, ਮਜ਼ਦੂਰਾਂ-ਪੱਲੇਦਾਰਾਂ, ਆੜ੍ਹਤੀਆਂ ਅਤੇ ਟਰਾਂਸਪੋਰਟਰਾਂ ਨੂੰ ਦਰਪੇਸ਼ ਮੁਸ਼ਕਲਾਂ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

'ਆਪ' ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੂਬੇ ਭਰ ਦੀਆਂ ਮੰਡੀਆਂ 'ਚੋਂ ਔਸਤਨ 50 ਪ੍ਰਤੀਸ਼ਤ ਕਣਕ ਦੀ ਹੀ ਲਿਫ਼ਟਿੰਗ ਹੋਈ ਹੈ, ਜਦਕਿ ਕਈ ਮੰਡੀਆਂ 'ਚੋਂ ਅਜੇ ਤੱਕ ਮਹਿਜ਼ 30 ਪ੍ਰਤੀਸ਼ਤ ਕਣਕ ਹੀ ਚੁੱਕੀ ਗਈ ਹੈ। ਜਿਸ ਕਾਰਨ ਮੰਡੀਆਂ 'ਚ ਵਿਕ ਚੁੱਕੀ ਕਣਕ ਦੇ ਅੰਬਾਰ ਲੱਗੇ ਹੋਏ ਹਨ ਅਤੇ ਕਣਕ ਦੀ ਨਵੀਂ ਆਮਦ ਦੇ ਉਤਰਾਅ ਲਈ ਮੰਡੀਆਂ 'ਚ ਜਗਾ ਹੀ ਨਹੀਂ ਹੈ। ਜੋ ਸਭ ਲਈ ਵੱਡੀ ਪਰੇਸ਼ਾਨੀ ਬਣੀ ਹੋਈ ਹੈ।

ਕੁਲਤਾਰ ਸਿੰਘ ਸੰਧਵਾਂ ਨੇ ਮੰਡੀਆਂ 'ਚ ਲਿਫ਼ਟਿੰਗ ਨਾ ਹੋਣ ਦੀ ਸਮੱਸਿਆ ਲਈ ਸਰਕਾਰ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਦੱਸਿਆ ਹੈ। ਜੇਕਰ ਕੇਂਦਰ ਸਰਕਾਰ ਨੇ ਪੰਜਾਬ ਦੇ ਨੱਕੋ-ਨੱਕ ਭਰੇ ਪਏ ਗੁਦਾਮਾਂ 'ਚ ਜ਼ਰੂਰਤਮੰਦ ਰਾਜਾਂ ਲਈ ਸਮੇਂ ਸਿਰ ਲਿਫ਼ਟਿੰਗ ਕਰਵਾਈ ਹੁੰਦੀ ਤਾਂ ਕੋਰੋਨਾ ਵਾਇਰਸ ਕਾਰਨ ਬਣੇ ਮੁਸ਼ਕਲ ਹਾਲਾਤ ਹੋਰ ਵੀ ਜ਼ਿਆਦਾ ਮੁਸ਼ਕਲ ਨਾ ਹੁੰਦੇ। 'ਆਪ' ਆਗੂਆਂ ਅਨੁਸਾਰ ਬਾਰਦਾਣੇ ਦੀ ਕਮੀ ਨੇ ਸਥਿਤੀ ਹੋਰ ਵਿਗਾੜ ਦਿੱਤੀ ਹੈ।