ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜ ਬਾਗ਼ੀ ਵਿਧਾਇਕਾਂ ਨੇ ਆਪਣੀ ਪਾਰਟੀ ਖ਼ਿਲਾਫ਼ ਇੱਕ ਵਾਰ ਫਿਰ ਤੋਂ ਝੰਡਾ ਚੁੱਕ ਲਿਆ ਹੈ। ਇਸ ਵਾਰ ਬਾਗ਼ੀਆਂ ਦੇ ਅੜਿੱਕੇ ਪਾਰਟੀ ਵੱਲੋਂ ਵੱਡੇ ਪੱਧਰ 'ਤੇ ਪੰਜਾਬ ਵਿੱਚ ਸ਼ੁਰੂ ਕੀਤਾ ਬਿਜਲੀ ਅੰਦੋਲਨ ਆਇਆ ਹੈ। ਵਿਧਾਇਕਾਂ ਨੇ ਦੋਸ਼ ਲਾਇਆ ਹੈ ਕਿ 'ਆਪ' ਗ਼ਲਤਬਿਆਨੀ ਕਰ ਰਹੀ ਹੈ ਕਿ ਦਿੱਲੀ ਸਰਕਾਰ ਖਪਤਕਾਰਾਂ ਨੂੰ ਇੱਕ ਰੁਪਏ ਫ਼ੀ ਯੁਨਿਟ ਬਿਜਲੀ ਵੇਚ ਰਹੀ ਹੈ।

ਸੁਖਪਾਲ ਖਹਿਰਾ ਨਾਲ ਹਮਦਰਦੀ ਰੱਖਣ ਵਾਲੇ 'ਆਪ' ਵਿਧਾਇਕ ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਪਿਰਮਲ ਸਿੰਘ ਖ਼ਾਲਸਾ, ਜਗਦੇਵ ਸਿੰਘ ਕਮਾਲੂ ਤੇ ਜੱਗਾ ਹਿੱਸੋਵਾਲ ਨੇ ਪਾਰਟੀ ਦੀ ਇਸ ਗੱਲ ਨਾਲ ਸਹਿਮਤੀ ਜ਼ਰੂਰ ਪ੍ਰਗਟਾਈ ਹੈ ਕਿ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਲਾਗੂ ਬਿਜਲੀ ਦਰਾਂ 'ਚ ਫੌਰੀ ਤੌਰ 'ਤੇ ਵੱਡੀ ਕਟੌਤੀ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ 'ਤੇ ਗ਼ਲਤਬਿਆਨੀ ਕਰਨ ਦਾ ਇਲਜ਼ਾਮ ਲਾਉਂਦਿਆਂ ਕਿਹਾ ਹੈ ਕਿ ਬਿਜਲੀ ਦਰਾਂ ਘਟਵਾਉਣ ਲਈ ਮਾਨ ਤੇ ਹੋਰਾਂ ਨੂੰ ਅਜਿਹਾ ਕਰਨ ਲਈ ਝੂਠੇ ਦਾਅਵੇ ਕਰਨ ਦੀ ਕੋਈ ਲੋੜ ਨਹੀਂ।

ਵਿਧਾਇਕਾਂ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਖਪਤਕਾਰ ਨੂੰ ਬਿਜਲੀ ਦੀਆਂ ਪਹਿਲੀਆਂ 100 ਯੂਨਿਟਾਂ ਦਾ ਭਾਅ ਤਕਰੀਬਨ ਸਾਢੇ ਕੁ ਚਾਰ ਰੁਪਏ ਫ਼ੀ ਯੂਨਿਟ ਹੈ, ਜਦਕਿ ਪੰਜਾਬ ਵਿੱਚ ਇਹ ਸਾਢੇ ਛੇ ਰੁਪਏ ਹੈ। ਉਨ੍ਹਾਂ ਮੁਤਾਬਕ ਦਿੱਲੀ ਵਿੱਚ ਬਿਜਲੀ ਦੀ ਮੂਲ ਕੀਮਤ ਤਿੰਨ ਰੁਪਏ ਫ਼ੀ ਯੂਨਿਟ ਹੈ ਜਦਕਿ ਪੰਜਾਬ ਵਿੱਚ 4.91 ਰੁਪਏ ਹੈ ਅਤੇ ਇਸ 'ਤੇ ਹੋਰ ਕਰ ਤੇ ਲਾਗਤਾਂ ਸਰਕਾਰਾਂ ਵੱਲੋਂ ਵਸੂਲੀਆਂ ਜਾਂਦੀਆਂ ਹਨ।

ਜ਼ਿਕਰਯੋਗ ਹੈ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮ ਤੇ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸੰਗਰੂਰ ਤੋਂ ਬਿਜਲੀ ਦੇ ਵੱਧ ਬਿਲਾਂ ਤੋਂ ਪ੍ਰੇਸ਼ਾਨ ਲੋਕਾਂ ਲਈ ਆਪਣੇ ਇੱਕ ਲੱਖ ਵਾਲੰਟੀਅਰ ਭੇਜਣ ਦੀ ਸਕੀਮ ਸ਼ੁਰੂ ਕੀਤੀ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਇਹ ਵਾਲੰਟੀਅਰ ਦਿੱਲੀ ਦੇ 5,000 ਮਾਹਰਾਂ ਤੋਂ ਸਿੱਖਿਅਤ ਹੋ ਕੇ ਲੋਕਾਂ ਦੀਆਂ ਬਿਜਲੀ ਦੇ ਮਹਿੰਗੇ ਬਿਲਾਂ ਦੀ ਸਮੱਸਿਆਵਾਂ ਦਾ ਹੱਲ ਕਰਨਗੇ ਪਰ 'ਆਪ' ਦੇ ਬਾਗ਼ੀਆਂ ਨੇ ਪਾਰਟੀ ਦੀ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਇਸ ਸਕੀਮ ਦੀ ਵੀ ਫੂਕ ਕੱਢ ਦਿੱਤੀ ਹੈ।