ਮੋਗਾ: ਪੰਜਾਬੀ ਦੇ ਉੱਘੇ ਲੇਖਕ ਅਮਰ ਸੂਫ਼ੀ ਦੀ ਪਤਨੀ ਦੇ ਖਾਤੇ ਵਿੱਚੋਂ ਅਣਪਛਾਤਿਆਂ ਨੇ 1,20,000 ਰੁਪਏ ਦੀ ਠੱਗੀ ਮਾਰ ਲਈ। ਹਰਿੰਦਰਪਾਲ ਕੌਰ ਵੱਲੋਂ ਪੁਲਿਸ ਨੂੰ ਲਿਖਾਈ ਰਿਪੋਰਟ ਮੁਤਾਬਕ ਉਨ੍ਹਾਂ ਦਾ ਸਟੇਟ ਬੈਂਕ ਆਫ ਇੰਡੀਆ, ਅੰਮ੍ਰਿਤਸਰ ਰੋਡ, ਮੋਗਾ ਦੇ ਬੈਂਕ ਵਿੱਚ ਖਾਤਾ ਚੱਲਦਾ ਹੈ।
ਖ਼ਾਤੇ ਵਿੱਚ ਕੁੱਲ 1,81,000 ਰੁਪਏ ਸਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਨਾਮਲੂਮ ਵਿਅਕਤੀ ਨੇ ਧੋਖੇ ਨਾਲ ਉਨ੍ਹਾਂ ਦੇ ਖਾਤੇ ਵਿੱਚੋਂ 1,20,000 ਰੁਪਏ ਕਢਵਾ ਲਏ। ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਆਰੰਭ ਦਿੱਤੀ ਗਈ ਹੈ।
ਇਸ ਸਬੰਧੀ ਅਮਰ ਸੂਫ਼ੀ ਨੇ ਦੱਸਿਆ ਕਿ ਪਹਿਲਾਂ 8 ਤਰੀਕ ਦੀ ਸਵੇਰ ਨੂੰ ਉਨ੍ਹਾਂ ਦੀ ਪਤਨੀ ਦੇ ਖਾਤੇ ਵਿੱਚੋਂ 20 ਹਜ਼ਾਰ ਰੁਪਏ ਕਢਵਾਏ ਗਏ ਅਤੇ ਮਗਰੋਂ 40-40 ਹਜ਼ਾਰ ਰੁਪਏ ਕਿਸੇ ਸੰਤੋਖ ਸਿੰਘ ਨਾਂ ਦੇ ਵਿਅਕਤੀ ਦੇ ਖਾਤੇ ਵਿੱਚ ਟਰਾਂਸਫ਼ਰ ਕੀਤੇ ਗਏ। ਇਸ ਪਿੱਛੋਂ 2.30-3.00 ਵਜੇ ਦੇ ਕਰੀਬ ਫੇਰ 20 ਹਜ਼ਾਰ ਰੁਪਏ ਨਕਦ ਕਢਵਾਏ ਗਏ।
ਉਨ੍ਹਾਂ ਦੱਸਿਆ ਕਿ ਦਿੱਲੀ ਗੁੜਗਾਓਂ ਰੋਡ ’ਤੇ ਸੁਲਤਾਨਪੁਰ ਮੁੰਡੇਲਾ ਨੇੜੇ ਕਿਸੇ ਏਟੀਐੱਮ ਤੋਂ ਇਹ ਰਕਮ ਕਢਵਾਈ ਗਈ ਹੈ। ਇਸ ਦਾ ਪਤਾ ਉਨ੍ਹਾਂ ਨੂੰ ਸਵੇਰੇ ਵੇਲੇ ਲੱਗਾ ਜਦੋਂ ਉਨ੍ਹਾਂ ਮੋਬਾਈਲ ਵਿੱਚ ਆਏ SMS ਵੇਖੇ।