ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮਹਿੰਗੀਆਂ ਬਿਜਲੀ ਦਰਾਂ ਦੇ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਹੈ। ਪਾਰਟੀ ਦੇ ਸੀਨੀਅਰ ਲੀਡਰ ਤੇ ਵਿਧਾਇਕ ਅਮਨ ਅਰੋੜਾ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸੀ, ਜਿਨ੍ਹਾਂ 'ਚ ਘਰੇਲੂ, ਵਪਾਰਕ ਤੇ ਉਦਯੋਗਿਕ ਖੇਤਰ ਸਮੇਤ ਸਾਰੇ ਵਰਗਾਂ ਦੇ ਬਿਜਲੀ ਖਪਤਕਾਰਾਂ ਨੂੰ ਵਾਜਬ ਦਰਾਂ 'ਤੇ ਸਸਤੀ ਬਿਜਲੀ ਦੇਣ ਦਾ ਅਹਿਮ ਵਾਅਦਾ ਸ਼ਾਮਲ ਸੀ, ਪਰ ਬਿਜਲੀ ਸਸਤੀ ਹੋਣ ਦੀ ਬਜਾਏ ਹੋਰ ਮਹਿੰਗੀ ਹੋ ਰਹੀ ਹੈ।
ਅਮਨ ਅਰੋੜਾ ਨੇ ਦੱਸਿਆ ਕਿ ਦੂਸਰਿਆਂ ਸੂਬਿਆਂ ਦੇ ਮੁਕਾਬਲੇ ਪੰਜਾਬ 'ਚ ਅੱਜ ਸਭ ਤੋਂ ਮਹਿੰਗੀ ਬਿਜਲੀ ਮਿਲ ਰਹੀ ਹੈ। ਇਸ ਦਾ ਮੁੱਖ ਕਾਰਣ ਪਿਛਲੀ ਬਾਦਲ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਏ ਮਹਿੰਗੇ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਹਨ। ਚੋਣਾਂ ਮੌਕੇ ਕੈਪਟਨ ਤੇ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਇਹ ਮਹਿੰਗੇ ਬਿਜਲੀ ਖ਼ਰੀਦ ਸਮਝੌਤੇ ਰੱਦ ਕਰ ਦਿੱਤੇ ਜਾਣਗੇ ਤੇ ਨਵੇਂ ਸਿਰਿਓਂ ਸਸਤੇ ਤੇ ਵਾਜਬ ਦਰਾਂ 'ਤੇ ਬਿਜਲੀ ਖਰੀਦੀ ਜਾਵੇਗੀ ਪਰ ਕੈਪਟਨ ਸਰਕਾਰ ਅਜਿਹਾ ਕਰਨ ਤੋਂ ਅਸਫ਼ਲ ਰਹੀ ਹੈ। ਨਤੀਜੇ ਵਜੋਂ ਅਗਲੇ 25 ਸਾਲਾਂ 'ਚ ਪੰਜਾਬ ਇਨ੍ਹਾਂ ਨਿੱਜੀ ਥਰਮਲ ਪਲਾਂਟਾਂ ਕੰਪਨੀਆਂ ਨੂੰ 70 ਹਜ਼ਾਰ ਕਰੋੜ ਰੁਪਏ ਦਾ ਬਿਨਾਂ ਵਜ੍ਹਾ ਭੁਗਤਾਨ ਕਰੇਗਾ। ਇਹ ਸੂਬੇ ਤੇ ਸੂਬੇ ਦੇ ਲੋਕਾਂ ਦੀ ਅੰਨ੍ਹੀ ਲੁੱਟ ਹੈ।
ਅਮਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਸਮੇਤ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ 'ਚ ਇਹ ਮੁੱਦਾ ਉਠਾਇਆ ਸੀ, ਪਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ਦੇ ਖ਼ਜ਼ਾਨੇ ਤੇ ਸਾਰੇ ਬਿਜਲੀ ਖਪਤਕਾਰਾਂ ਨੂੰ ਰਾਹਤ ਦੇਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ। 'ਆਪ' ਵਿਧਾਇਕ ਨੇ ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਮੁੱਦੇ 'ਤੇ ਵਿਚਾਰ-ਚਰਚਾ ਕਰਨ ਲਈ ਮੁਲਾਕਾਤ ਦਾ ਸਮਾਂ ਮੰਗਦਿਆਂ ਕਿਹਾ ਕਿ ਇਸ ਮਸਲੇ ਨਾਲ ਪੰਜਾਬ ਦੇ ਲੱਖਾਂ ਲੋਕਾਂ ਦੀਆਂ ਜੇਬ੍ਹਾਂ ਤੇ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਲਈ ਸੂਬੇ ਤੇ ਬਿਜਲੀ ਖਪਤਕਾਰਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣੇ ਜ਼ਰੂਰੀ ਹਨ।
ਮਹਿੰਗੀ ਬਿਜਲੀ ਬਾਰੇ ਗੱਲ ਕਰਨ ਲਈ 'ਆਪ' ਨੇ ਕੈਪਟਨ ਤੋਂ ਮੰਗਿਆ ਸਮਾਂ
ਏਬੀਪੀ ਸਾਂਝਾ
Updated at:
21 Jun 2019 08:11 PM (IST)
ਚੋਣਾਂ ਮੌਕੇ ਕੈਪਟਨ ਤੇ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਇਹ ਮਹਿੰਗੇ ਬਿਜਲੀ ਖ਼ਰੀਦ ਸਮਝੌਤੇ ਰੱਦ ਕਰ ਦਿੱਤੇ ਜਾਣਗੇ ਤੇ ਨਵੇਂ ਸਿਰਿਓਂ ਸਸਤੇ ਤੇ ਵਾਜਬ ਦਰਾਂ 'ਤੇ ਬਿਜਲੀ ਖਰੀਦੀ ਜਾਵੇਗੀ ਪਰ ਕੈਪਟਨ ਸਰਕਾਰ ਅਜਿਹਾ ਕਰਨ ਤੋਂ ਅਸਫ਼ਲ ਰਹੀ ਹੈ।
- - - - - - - - - Advertisement - - - - - - - - -