ਚੰਡੀਗੜ੍ਹ: ਲੌਂਗੋਵਾਲ ਵਿੱਚ ਕੰਡਮ ਸਕੂਲ ਵੈਨ ਨੇ ਚਾਰ ਮਾਸੂਮ ਬੱਚਿਆਂ ਦੀ ਜਾਨ ਲੈ ਲਈ। ਅਜਿਹੀਆਂ ਕੰਡਮ ਵੈਨਾਂ ਪੂਰੇ ਪੰਜਾਬ ਵਿੱਚ ਚੱਲ ਰਹੀਆਂ ਹਨ ਪਰ ਸਰਕਾਰ ਸੁੱਤੀ ਹੋਈ ਹੈ। ਅੱਜ ਸਰਕਾਰੀ ਅਫਸਰਾਂ ਨੇ ਕਾਰਵਾਈ ਕੀਤੀ ਤਾਂ ਕਈ ਮਾਮਲੇ ਸਾਹਮਣੇ ਆਏ। ਬਹੁਤ ਸਾਰੇ ਸਕੂਲਾਂ ਵਿੱਚ ਕੰਡਮ ਵੈਨਾਂ ਹੀ ਬੱਚਿਆਂ ਨੂੰ ਢੋਅ ਰਹੀਆਂ ਸੀ।


ਇਸ ਗੱਲ 'ਤੇ ਸਖਤ ਪ੍ਰਤੀਕਰਮ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਪ੍ਰਾਈਵੇਟ ਸਕੂਲ ਬੱਸਾਂ/ਵੈਨਾਂ ਵਿੱਚ ਸਫ਼ਰ ਕਰਨ ਵਾਲੇ ਸਕੂਲੀ ਬੱਚਿਆਂ ਦੀ ਸੁਰੱਖਿਆ ਪ੍ਰਤੀ ਗੰਭੀਰ ਨਾ ਹੋਣ ਕਾਰਨ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤਾ ਹੈ।

ਚੀਮਾ ਨੇ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਪੁਰਾਣੀ ਮਾਰੂਤੀ ਸਕੂਲ ਵੈਨ ਵਿੱਚ ਮਾਰੇ ਗਏ ਚਾਰ ਮਾਸੂਮ ਬੱਚਿਆਂ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੈਪਟਨ ਤੁਰੰਤ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਉਨ੍ਹਾਂ ਦੇ ਪਦ ਤੋਂ ਬਰਖ਼ਾਸਤ ਕਰ ਦੇਣ। ਚੀਮਾ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਕੈਪਟਨ ਸਰਕਾਰ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਬਿਲਕੁਲ ਵੀ ਗੰਭੀਰ ਨਹੀਂ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਹੀ ਮਾਸੂਮ ਬੱਚਿਆਂ ਦੀਆਂ ਜਾਨਾਂ ਗਈਆਂ ਹਨ, ਕਿਉਂਕਿ ਮਾਰੂਤੀ ਵੈਨ ਵਿੱਚ ਸਮਰੱਥਾ ਤੋਂ ਜ਼ਿਆਦਾ ਬੱਚੇ ਬਿਠਾਏ ਗਏ ਸਨ ਤੇ ਵੈਨ 20 ਸਾਲ ਤੋਂ ਜ਼ਿਆਦਾ ਪੁਰਾਣੀ ਸੀ ਜਿਸ ਦਾ ਰਜਿਸਟ੍ਰੇਸ਼ਨ ਵੀ ਨਹੀਂ ਸੀ। ਖਟਾਰਾ ਵੈਨ ਦਾ ਦਰਵਾਜ਼ਾ ਜਾਮ ਹੋਣ ਕਰ ਕੇ ਵੈਨ ਵਿੱਚ ਅੱਗ ਲੱਗਣ ਸਮੇਂ ਦਰਵਾਜ਼ਾ ਨਾ ਖੁੱਲਣ ਕਰ ਕੇ ਬੱਚੇ ਅੰਦਰ ਹੀ ਫਸ ਕੇ ਜਿੰਦਾ ਸੜ ਗਏ ਜੋ ਬੜੇ ਹੀ ਦੁੱਖ ਦੀ ਗੱਲ ਹੈ।

ਚੀਮਾ ਨੇ ਵਿਜੈ ਇੰਦਰ ਸਿੰਗਲਾ ਨੂੰ ਸੂਬੇ ਦਾ ਸਭ ਤੋਂ ਅਯੋਗ ਸਿੱਖਿਆ ਮੰਤਰੀ ਕਰਾਰ ਦਿੰਦਿਆਂ ਕਿਹਾ ਕਿ ਇਹ ਦਰਦਨਾਕ ਹਾਦਸਾ ਕੋਈ ਪਹਿਲਾ ਹਾਦਸਾ ਨਹੀਂ। ਇਸ ਤੋਂ ਪਹਿਲਾਂ ਵੀ ਸਿੱਖਿਆ ਮੰਤਰੀ ਦੇ ਜ਼ਿਲ੍ਹੇ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।