ਮੋਗਾ: ਕਸਬਾ ਧਰਮਕੋਟ ਨੇੜਲੇ ਪਿੰਡ ਸੈਦਪੁਰ ਜਲਾਲ ਵਿੱਚ ਇੱਕ ਵਿਅਕਤੀ ਵੱਲੋਂ ਆਪਣੇ ਸਹੁਰੇ ਘਰ ਜਾ ਕੇ ਫਾਇਰਿੰਗ ਕਰ ਚਾਰ ਜੀਆਂ ਦੀ ਹੱਤਿਆ ਦੇ ਮਾਮਲੇ ਨੂੰ ਲੈ ਕੇ ਹਰ ਕੋਈ ਹੈਰਾਨ ਹੈ। ਸਵਾਲ ਉੱਠ ਰਹੇ ਹਨ ਕਿ ਆਖਰ ਅਜਿਹਾ ਕੀ ਹੋਇਆ ਕਿ ਬੰਦੇ ਨਾ ਏਡਾ ਵੱਡਾ ਕਾਰਾ ਕਰ ਦਿੱਤਾ। ਹੌਲਦਾਰ ਕੁਲਵਿੰਦਰ ਸਿੰਘ ਨੇ ਆਖਰ ਆਪਣੇ ਸਰਵਿਸ ਹਥਿਆਰ ਏਕੇ-47 ਨਾਲ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ। ਆਖਰ ਉਸ ਨੇ ਆਪਣੀ ਪਤਨੀ, ਸੱਸ, ਸਾਲੇ, ਸਾਲੇਹਾਰ ਤੇ ਉਨ੍ਹਾਂ ਦੀ ਇੱਕ ਲੜਕੀ ਨੂੰ ਗੋਲੀ ਕਿਉਂ ਮਾਰ ਦਿੱਤੀ।


ਹਾਸਲ ਜਾਣਕਾਰੀ ਮੁਤਾਬਕ ਹੌਲਦਾਰ ਕੁਲਵਿੰਦਰ ਰਾਤ ਸਮੇਂ ਆਪਣੇ ਪੁੱਤਰ ਨਾਲ ਝਗੜ ਰਿਹਾ ਸੀ। ਸਹੁਰੇ ਪਰਿਵਾਰ ਵੱਲੋਂ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਉਹ ਸਫ਼ਲ ਨਾ ਹੋਏ ਤਾਂ ਉਨ੍ਹਾਂ ਕੁਲਵਿੰਦਰ ਸਿੰਘ ਨੂੰ ਘਰ ਵਿੱਚ ਹੀ ਬੰਨ੍ਹ ਦਿੱਤਾ। ਫਿਰ ਪੁਲਿਸ ਹਵਾਲੇ ਕਰ ਦਿੱਤਾ ਪਰ ਉਹ ਕਿਸੇ ਤਰ੍ਹਾਂ ਪੁਲਿਸ ਸਟੇਸ਼ਨ ‘ਚੋਂ ਆਟੋ ਮੈਟਿਕ ਹਥਿਆਰ ਲੈ ਕੇ ਤੜਕਸਾਰ ਸਹੁਰੇ ਘਰ ਪਹੁੰਚ ਗਿਆ ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਰਿਵਾਰਕ ਮੈਂਬਰਾਂ ਵਿੱਚ ਭਗਦੜ ਮੱਚ ਗਈ ਤੇ ਕਈਆਂ ਨੇ ਭੱਜ ਕੇ ਜਾਨਾਂ ਬਚਾਈਆਂ।

ਪੁਲਿਸ ਦਾ ਕਹਿਣਾ ਹੈ ਕਿ ਹੌਲਦਾਰ ਕੁਲਵਿੰਦਰ ਸਿੰਘ ਆਪਣੇ ਸਹੁਰੇ ਪਰਿਵਾਰ ਨਾਲ ਰਲ ਕੇ ਸੂਰ ਪਾਲਣ ਦਾ ਧੰਦਾ ਕਰਦਾ ਸੀ। ਇਸ ਕਰਕੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਰਾਤ ਹੋਈ ਲੜਾਈ ਝਗੜੇ ਤੋਂ ਬਾਅਦ ਸਵੇਰ ਸਮੇਂ ਮੁਲਜ਼ਮ ਨੇ ਅਜਿਹੀ ਘਿਨੌਣੀ ਘਟਨਾ ਨੂੰ ਅੰਜਾਮ ਦੇ ਦਿੱਤਾ। ਘਟਨਾ ਨੂੰ ਅੰਜਾਮ ਦੇਣ ਉਪਰੰਤ ਹੌਲਦਾਰ ਨੇ ਖੁਦ ਥਾਣੇ ਵਿੱਚ ਜਾ ਕੇ ਆਤਮ ਸਮਰਪਣ ਕਰ ਦਿੱਤਾ।

ਇਸ ਵੱਲੋਂ ਪਹਿਲਾਂ ਵੀ ਹੌਲਦਾਰ ਵੱਲੋਂ ਤੈਸ਼ ‘ਚ ਆ ਕੇ ਹਵਾਈ ਫਾਇਰਿੰਗ ਕੀਤੀ ਗਈ ਸੀ, ਜਿਸ ਦਾ ਕੇਸ ਅਜੇ ਚੱਲ ਰਿਹਾ ਹੈ। ਸਵਾਲ ਇਹ ਵੀ ਉੱਠ ਰਿਹਾ ਹੈ ਕਿ ਰਾਤ ਨੂੰ ਹੋਈ ਤਲਖਕਲਾਮੀ ਮਗਰੋਂ ਸਹੁਰੇ ਪਰਿਵਾਰ ਨੇ ਜਵਾਈ ਹੌਲਦਾਰ ਕੁਲਵਿੰਦਰ ਸਿੰਘ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ ਤਾਂ ਫਿਰ ਇਹ ਉੱਥੋਂ ਕਿਵੇਂ ਛੁੱਟ ਕੇ ਆ ਗਿਆ?