ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਵੱਡੀ ਜਿੱਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਕੁਝ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਦਿੱਲੀ ਦੀ ਜਿੱਤ ਦਾ ਅਸਰ ਪੰਜਾਬ ਵਿੱਚ ਵੀ ਪਵੇਗਾ। ਕਈ ਹਾਰਾਂ ਮਗਰੋਂ ਨਿਰਾਸ਼ 'ਆਪ' ਵਰਕਰਾਂ ਦੇ ਹੌਸਲੇ ਬੁਲੰਦ ਹੋਣਗੇ। ਇਸ ਤੋਂ ਇਲਾਵਾ ਲੀਡਰਸ਼ਿਪ ਦਾ ਵੀ ਆਤਮ ਵਿਸ਼ਵਾਸ ਵਧੇਗਾ ਕਿ ਉਹ ਮੁੜ ਰਵਾਇਤੀ ਰਾਜਨੀਤੀ ਨੂੰ ਟੱਕਰ ਸਕਦੀ ਹੈ।
ਪੰਜਾਬ ਵਿੱਚ 2022 ਵਿੱਚ ਵਿਧਾਨ ਸਭਾ ਹੋਣੀਆਂ ਹਨ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਗਾਵਤ ਨਾਲ ਝੰਬਿਆ ਪਿਆ ਹੈ। ਬਾਦਲ ਪਰਿਵਾਰ ਖਿਲਾਫ ਰੋਹ ਰੁਕਣ ਦਾ ਨਾਂ ਨਹੀਂ ਲੈ ਰਿਹਾ। ਟਕਸਾਲੀ ਲੀਡਰ ਇੱਕ-ਇੱਕ ਕਰਕੇ ਪਾਰਟੀ ਛੱਡ ਰਹੇ ਹਨ। ਕੁਝ ਟਕਸਾਲੀ ਲੀਡਰ ਹੋਰ ਧਿਰਾਂ ਨਾਲ ਮਿਲ ਕੇ ਬਾਦਲਾਂ ਨੂੰ ਘੇਰਨ ਦੀ ਤਿਆਰੀ ਕਰ ਰਹੇ ਹਨ। ਇਸ ਕਰਕੇ ਅਕਾਲੀ ਦਲ (ਬ) ਅੰਦਰੂਨੀ ਕਲੇਸ਼ ਵਿੱਚ ਫਸਿਆ ਹੋਇਆ ਹੈ।
ਦੂਜੇ ਪਾਸੇ ਕਾਂਗਰਸ ਦੀ ਕੈਪਟਨ ਸਰਕਾਰ ਤਿੰਨ ਸਾਲਾਂ ਵਿੱਚ ਰੋਸ ਦਾ ਸ਼ਿਕਾਰ ਹੋ ਰਹੀ ਹੈ। ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਫੇਲ੍ਹ ਹੋ ਚੁੱਕੀ ਹੈ। ਕੋਈ ਵੀ ਵਾਅਦਾ ਸਹੀ ਅਰਥਾਂ ਵਿੱਚ ਲਾਗੂ ਨਹੀਂ ਕੀਤਾ। ਇਸ ਕਰਕੇ 2022 ਤੱਕ ਕਾਂਗਰਸ ਵੱਲੋਂ ਲੋਕਾਂ ਦੇ ਰੋਹ ਨੂੰ ਸ਼ਾਂਤ ਕਰ ਪਾਉਣਾ ਔਖਾ ਹੈ।
ਉਧਰ, ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਹ ਵੀ ਅੰਦਰੂਨੀ ਕਲੇਸ਼ ਦਾ ਸ਼ਿਕਾਰ ਹੈ। ਕਈ ਲੀਡਰ ਪਾਰਟੀ ਛੱਡ ਚੁੱਕੇ ਹਨ ਪਰ 'ਆਪ' ਲਈ ਚੰਗੀ ਗੱਲ ਇਹ ਹੈ ਕਿ ਬਾਗੀ ਲੀਡਰ ਵੀ ਆਪਣਾ ਜ਼ੋਰ ਅਜ਼ਮਾ ਕੇ ਵੇਖ ਚੁੱਕੇ ਹਨ। ਇਸ ਲਈ ਕਈ ਵਾਰ ਉਨ੍ਹਾਂ ਦੀ ਵਾਪਸੀ ਦਾ ਜ਼ਿਕਰ ਹੁੰਦਾ ਹੈ। ਹੁਣ ਵੀ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਰੁੱਸੇ ਲੀਡਰਾਂ ਨੂੰ ਵਾਪਸ ਆਉਣ ਦਾ ਸੱਦਾ ਦਿੱਤਾ ਹੈ। ਜੇਕਰ ਅਗਲੇ ਦੋ ਸਾਲਾਂ ਵਿੱਚ 'ਆਪ' ਕੁਝ ਅਜਿਹਾ ਕਰਨ ਵਿੱਚ ਸਫਲ ਰਹਿੰਦੀ ਹੈ ਤਾਂ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਸਕਦੇ ਹਨ।
ਇਸ ਬਾਰੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਪੰਜਾਬ ’ਤੇ ਵਧੇਰੇ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਸਲ ਵਿੱਚ ਦਿੱਲੀ ਦੇ ਜਾਗਰੂਕ ਵੋਟਰਾਂ ਨੇ ਭਾਰਤੀ ਜਨਤਾ ਪਾਰਟੀ ਦੇ ਫਿਰਕਾਪ੍ਰਸਤੀ ਤੇ ਫਾਸੀਵਾਦੀ ਏਜੰਡੇ ਨੂੰ ਨਕਾਰਦਿਆਂ ‘ਆਪ’ ’ਤੇ ਭਰੋਸਾ ਦਿਖਾਇਆ ਹੈ। ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਦਿੱਲੀ ਵਿੱਚ ਭਾਵੇਂ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਹਾਲਾਤ ਪਹਿਲਾਂ ਵਰਗੇ ਹੀ ਹਨ।
ਦਿੱਲੀ ਵਾਂਗ ਪੰਜਾਬ 'ਚ ਚੱਲੇਗਾ ਆਮ ਆਦਮੀ ਪਾਰਟੀ ਦਾ ਝਾੜੂ?
ਏਬੀਪੀ ਸਾਂਝਾ
Updated at:
17 Feb 2020 01:33 PM (IST)
ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਵੱਡੀ ਜਿੱਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਕੁਝ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਦਿੱਲੀ ਦੀ ਜਿੱਤ ਦਾ ਅਸਰ ਪੰਜਾਬ ਵਿੱਚ ਵੀ ਪਵੇਗਾ। ਕਈ ਹਾਰਾਂ ਮਗਰੋਂ ਨਿਰਾਸ਼ 'ਆਪ' ਵਰਕਰਾਂ ਦੇ ਹੌਸਲੇ ਬੁਲੰਦ ਹੋਣਗੇ। ਇਸ ਤੋਂ ਇਲਾਵਾ ਲੀਡਰਸ਼ਿਪ ਦਾ ਵੀ ਆਤਮ ਵਿਸ਼ਵਾਸ ਵਧੇਗਾ ਕਿ ਉਹ ਮੁੜ ਰਵਾਇਤੀ ਰਾਜਨੀਤੀ ਨੂੰ ਟੱਕਰ ਸਕਦੀ ਹੈ।
- - - - - - - - - Advertisement - - - - - - - - -