ਚੰਡੀਗੜ੍ਹ: 'ਆਪ' ਵਿਧਾਇਕਾਂ ਨੇ ਸਦਨ 'ਚ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਅੱਜ ਵਾਕਆਊਟ ਕੀਤਾ। ਵਿਧਾਨ ਸਭਾ ਇਜਲਾਸ ਦੌਰਾਨ ਡੀਜੀਪੀ ਦਿਨਕਰ ਗੁਪਤਾ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਨੂੰ ਲੈ ਕੇ ਇਹ ਵਾਕਆਊਟ ਕੀਤਾ ਗਿਆ।


ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਕਾਫ਼ੀ ਨੋਕ-ਝੋਕ ਹੋਈ, ਪਰ ਮੁੱਖ ਮੰਤਰੀ ਵਿਰੋਧੀ ਧਿਰ ਨੂੰ ਸੰਤੁਸ਼ਟ ਨਹੀਂ ਕਰ ਸਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੀਜੀਪੀ ਦਿਨਕਰ ਗੁਪਤਾ ਤੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ 'ਕਲੀਨ ਚਿੱਟ' ਦਿੱਤੇ ਜਾਣ ਦੇ ਵਿਰੋਧ 'ਚ ਵਿਰੋਧੀ ਧਿਰ (ਆਪ) ਬੀਤੇ ਦਿਨ ਵਾਂਗ ਹਮਲਾਵਰ ਹੋ ਗਈ।
ਮੀਡੀਆ ਨਾਲ ਗੱਲਬਾਤ ਦੌਰਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤ ਭੂਸ਼ਨ ਆਸ਼ੂ ਨਾਲ ਜੁੜੇ ਜਿਹੜੇ ਕੇਸਾਂ ਦਾ ਟਰਾਇਲ ਹੀ ਨਹੀਂ ਹੋਇਆ, ਉਹ ਕਿਹੜੇ ਖਾਤੇ 'ਚ ਬੋਲਦੇ ਹਨ। ਉਨ੍ਹਾਂ ਕਿਹਾ ਆਸ਼ੂ ਦੇ ਇਕਬਾਲੀਆ ਬਿਆਨ ਦੇ ਆਧਾਰ 'ਤੇ ਕੇਸ ਮੁੜ ਖੋਲ੍ਹੇ ਜਾਣ।



ਚੀਮਾ ਨੇ ਡੀਜੀਪੀ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਵੀ ਕੀਤੀ। ਡੀਜੀਪੀ ਨੇ ਹਾਲ ਹੀ 'ਚ ਸ੍ਰੀ ਕਰਤਾਰਪੁਰ ਸਾਹਿਬ ਤੇ ਵਿਵਾਦਤ ਟਿੱਪਣੀ ਕੀਤੀ ਸੀ। ਚੀਮਾ ਨੇ ਡੀਜੀਪੀ ਦੀਆਂ ਪਾਕਿਸਤਾਨੀ ਮਹਿਲਾ ਅਰੂਸਾ ਆਲਮ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਫ਼ੋਟੋਆਂ ਦਾ ਰਾਜ ਵੀ ਪੁੱਛਿਆ।