ਚੰਡੀਗੜ੍ਹ: ਪੰਜਾਬ ਵਿੱਚ ਪਾਟੋਧਾੜ ਹੋਈ ਆਮ ਆਦਮੀ ਪਾਰਟੀ ਇੱਕਜੁੱਟ ਕਰਨ ਲਈ ਤੇ ਬਾਗ਼ੀਆਂ ਦੇ ਸਰਦਾਰ ਨੂੰ ਢਾਹੁਣ ਲਈ ਕੇਜਰੀਵਾਲ ਨੇ ਆਪਣਾ ਭਰੋਸਮੰਦ ਹਥਿਆਰ ਕੱਢ ਲਿਆ ਹੈ। ਕੇਜਰੀਵਾਲ ਨੇ ਬਾਗੀਆਂ ਨਾਲ ਆਢਾ ਲਾਉਣ ਲਈ ਭਗਵੰਤ ਮਾਨ ਥਾਪੜਾ ਦਿੱਤਾ ਹੈ। ਸੂਤਰਾਂ ਮੁਤਾਬਕ ਭਗਵੰਤ ਮਾਨ ਵੀ ਮੈਦਾਨ ਵਿੱਚ ਨਿੱਤਰਣ ਲਈ ਤਿਆਰ ਹੋ ਗਏ ਹਨ। ਯਾਦ ਰਹੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕੇਜਰੀਵਾਲ ਵੱਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਤੋਂ ਨਸ਼ੇ ਦੇ ਮੁੱਦੇ 'ਤੇ ਮੁਆਫ਼ੀ ਮੰਗਣ ਤੋਂ ਨਾਰਾਜ਼ ਹੋ ਕੇ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨਾਲ ਪਾਰਟੀ ਦੇ ਸਹਿ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। ਉਸ ਸਮੇਂ ਖਹਿਰਾ ਨੇ ਅਸਤੀਫ਼ਾ ਨਹੀਂ ਸੀ ਦਿੱਤਾ, ਪਰ ਕੇਜਰੀਵਾਲ ਦੇ ਫੈਸਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਸੀ। ਇਸ ਤੋਂ ਬਾਅਦ ਉਹ ਕੇਜਰੀਵਾਲ ਦੇ ਨਿਸ਼ਾਨੇ 'ਤੇ ਸਨ। ਹੁਣ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਪਾਰਟੀ ਦੀ ਬੈਠਕ ਵਿੱਚ ਪੰਜਾਬ ਦੇ ਅਹੁਦੇਦਾਰਾਂ ਨੇ ਸੂਬਾ ਪ੍ਰਧਾਨ ਤੇ ਸਹਿ ਪ੍ਰਧਾਨ ਦੇ ਪੰਜ ਮਹੀਨੇ ਪਹਿਲਾਂ ਭੇਜੇ ਅਸਤੀਫਿਆਂ ਨੂੰ ਨਾਮਜ਼ੂਰ ਕਰਕੇ ਭਗਵੰਤ ਮਾਨ ਨੂੰ ਮੁੜ ਕਮਾਨ ਸੌਂਪਣ ਲਈ ਰਾਹ ਪੱਧਰਾ ਕੀਤਾ ਹੈ। ਖਹਿਰਾ ਦੇ ਮੁਕਾਬਲੇ 'ਚ ਉਤਾਰੇ ਮਾਨ ਪਾਰਟੀ ਨੇ ਖਹਿਰਾ ਸਾਹਮਣੇ ਹੁਣ ਭਗਵੰਤ ਮਾਨ ਨੂੰ ਹਥਿਆਰ ਬਣਾ ਕੇ ਪੰਜਾਬ ਵਿੱਚ ਡਿਗਦੀ ਸਾਖ਼ ਨੂੰ ਬਚਾਉਣ ਦਾ ਰਾਹ ਅਖ਼ਤਿਆਰ ਕੀਤਾ ਹੈ। ਉੱਧਰ, ਭਗਵੰਤ ਮਾਨ ਨੇ ਵੀ ਆਪਣੀ ਪੱਥਰੀ ਦੇ ਦਰਦ 'ਚੋਂ ਉੱਭਰਦਿਆਂ ਬਿਆਨ ਦਿੱਤਾ ਹੈ ਕਿ ਉਹ ਹੁਣ ਪਾਰਟੀ ਨੂੰ ਸੰਕਟ 'ਚੋਂ ਕੱਢਣ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੇ ਏਬੀਪੀ ਸਾਂਝਾ ਨੂੰ ਦਿੱਤੇ ਆਪਣੇ ਵਿਸ਼ੇਸ਼ ਇੰਟਰਵਿਊ ਵਿੱਚ ਕਿਹਾ ਸੀ ਕਿ ਭਗਵੰਤ ਮਾਨ ਨੇ ਉਨ੍ਹਾਂ ਦਾ ਨਸ਼ੇ ਵਾਲੇ ਮਾਮਲੇ ਵਿੱਚ ਸਾਥ ਨਹੀਂ ਸੀ ਦਿੱਤਾ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਵੀ ਖਹਿਰਾ ਦੀ ਬਠਿੰਡਾ ਕਨਵੈਨਸ਼ਨ ਸਬੰਧੀ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ। ਇਤਫਾਕੀਆ, ਮਾਨ ਨੂੰ ਪੇਟ ਵਿੱਚ ਦਰਦ ਹੋਣ ਕਾਰਨ ਦਿੱਲੀ ਦੇ ਹਸਪਤਾਲ ਵਿੱਚ ਦਾਖ਼ਲ ਹੋਣਾ ਪਿਆ ਸੀ। 'ਆਪ' ਨੇ ਹਾਲਾਤ ਕਾਬੂ ਕਰਨ ਲਈ ਕੀਤੀ ਪ੍ਰੀ-ਪਲਾਨਿੰਗ ਆਮ ਆਦਮੀ ਪਾਰਟੀ ਪੰਜਾਬ ਦੀ ਆਉਂਦੀ 13 ਅਗਸਤ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਦੀ ਅਗਵਾਈ ਵਿੱਚ ਕਾਨਫ਼ਰੰਸ ਕਰਨ ਦਾ ਐਲਾਨ ਕੀਤਾ ਹੈ। ਕਾਨਫ਼ਰੰਸ ਵਿੱਚ ਭਗਵੰਤ ਮਾਨ ਵੀ ਹਾਜ਼ਰ ਰਹਿਣਗੇ। ਸ਼ਨੀਵਾਰ ਨੂੰ ਡਾ. ਬਲਬੀਰ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਜਲੰਧਰ ਵਾਲੀ ਕਾਨਫ਼ਰੰਸ ਤੋਂ ਇਲਾਵਾ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸਮਰਪਿਤ 15 ਅਗਸਤ ਨੂੰ ਈਸੜੂ ਵਿਖੇ ਅਤੇ 26 ਅਗਸਤ ਨੂੰ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ 'ਚ ਪਾਰਟੀ ਕਾਨਫ਼ਰੰਸ ਕਰਨ ਦਾ ਫ਼ੈਸਲਾ ਇਸ ਬੈਠਕ ਦੌਰਾਨ ਲਿਆ ਗਿਆ। ਹਾਈਕਮਾਨ ਨੇ ਸਾਂਭਿਆ ਕੰਟਰੋਲ ਜ਼ਿਕਰਯੋਗ ਹੈ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸਤੰਬਰ ਤੋਂ ਪੰਜਾਬ ਵਿੱਚ ਡੇਰੇ ਲਾਉਣਗੇ ਤੇ ਅਕਤੂਬਰ ਤੋਂ ਵੱਡੀਆਂ ਰੈਲੀਆਂ ਸ਼ੁਰੂ ਕਰਨਗੇ। ਪੰਜਾਬ ਇਕਾਈ ਦੀਆਂ ਅਗਸਤ ਦੀਆਂ ਕਾਨਫ਼ਰੰਸਾਂ ਦਾ ਮਕਸਦ ਕੇਜਰੀਵਾਲ ਦੇ ਪ੍ਰੋਗਰਾਮਾਂ ਲਈ ਰਾਹ ਪੱਧਰਾ ਕਰਨਾ ਹੋਵੇਗਾ। ਇਸ ਸਭ ਨਾਲ ਦੇਖਣਾ ਹੋਵੇਗਾ ਕਿ ਖਹਿਰਾ ਧੜਾ ਆਪਣੀ ਰਣਨੀਤੀ ਕਿਵੇਂ ਉਲੀਕਦਾ ਹੈ। ਪਾਰਟੀ ਵੱਲੋਂ ਅਗਾਊਂ ਵਿੱਚ ਜਾਰੀ ਕੀਤੇ ਸਮਾਗਮਾਂ ਦੀ ਸੂਚੀ ਤੋਂ ਸਾਫ ਹੈ ਕਿ ਉਹ ਪੰਜਾਬ ਇਕਾਈ ਨੂੰ ਖ਼ੁਦਮੁਖ਼ਤਿਆਰੀ ਦੇਣ ਦੇ ਰੌਂਅ ਵਿੱਚ ਨਹੀਂ ਹਨ, ਬਲਕਿ ਦਿੱਲੀ ਹਾਈਕਮਾਨ ਨੇ ਖ਼ੁਦ ਇੱਥੇ ਸਿੱਧੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਹੈ।