ਸਿੱਧੂ ਨਾਲ 'ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ' ਵਾਲੀ ਹੋਈ!
ਏਬੀਪੀ ਸਾਂਝਾ | 05 Aug 2018 03:31 PM (IST)
ਚੰਡੀਗੜ੍ਹ: ਮਸ਼ਹੂਰ ਅਖਾਣ ਹੈ ਕਿ 'ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ'। ਗੁਆਂਢੀ ਮੁਲਕ ਦੇ ਸੰਭਾਵੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸੱਦੇ ਜਾਣ ਵਾਲੇ ਭਾਰਤੀ ਮਿੱਤਰਾਂ ਨਾਲ ਵੀ ਕੁਝ ਇਹੋ ਜਿਹਾ ਹੀ ਹੋਇਆ। ਖ਼ਬਰ ਆਈ ਸੀ ਕਿ ਇਮਰਾਨ ਖ਼ਾਨ ਨੇ 11 ਅਗਸਤ ਨੂੰ ਆਪਣੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਸਮਾਗਮ ਵਿੱਚ ਆਪਣੇ ਕ੍ਰਿਕੇਟਰ ਸਾਥੀਆਂ ਤੇ ਬਾਲੀਵੁੱਡ ਸਟਾਰ ਨੂੰ ਸੱਦਾ ਭੇਜਿਆ ਹੈ, ਪਰ ਅਸਲੀਅਤ ਕੁਝ ਹੋਰ ਹੀ ਨਿਕਲੀ। ਭਾਰਤੀ ਕ੍ਰਿਕੇਟ ਦੇ ਮੰਨੇ-ਪ੍ਰਮੰਨੇ ਖਿਡਾਰੀ ਸੁਨੀਲ ਗਾਵਸਕਰ, ਕਪਿਲ ਦੇਵ, ਨਵਜੋਤ ਸਿੰਘ ਸਿੱਧੂ ਤੇ ਬਾਲੀਵੁੱਡ ਸਟਾਰ ਆਮਿਰ ਖ਼ਾਨ ਨੂੰ ਸੱਦਾ ਦੇਣ ਦੀਆਂ ਖ਼ਬਰਾਂ ਸਨ। ਆਮਿਰ ਖ਼ਾਨ ਨੇ ਤਾਂ ਪਹਿਲਾਂ ਹੀ ਮਨ੍ਹਾ ਕਰ ਦਿੱਤਾ ਸੀ, ਪਰ ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦਾ ਤਾਂ ਚਾਅ ਹੀ ਨਹੀਂ ਚੱਕਿਆ ਜਾ ਰਿਹਾ, ਪਰ ਇੱਥੇ ਤਾਂ ਨ੍ਹਾਤੀ ਧੋਤੀ ਰਹਿ ਗਈ ਤੇ ਨੱਕ 'ਤੇ ਮੱਖੀ ਬਹਿ ਗਈ ਵਾਲੀ ਗੱਲ ਹੋਈ। ਹੁਣ ਪਤਾ ਲੱਗਾ ਹੈ ਕਿ ਇਮਰਾਨ ਖ਼ਾਨ ਨੇ ਹਾਲੇ ਤਕ ਕਿਸੇ ਨੂੰ ਵੀ ਅਧਿਕਾਰਤ ਤੌਰ 'ਤੇ ਸੱਦਾ ਨਹੀਂ ਦਿੱਤਾ। ਉੱਧਰ ਇਮਰਾਨ ਖ਼ਾਨ ਦਾ ਸਹੁੰ ਚੁੱਕ ਸਮਾਗਮ ਵੀ ਪਾਕਿਸਤਾਨ ਦੀ ਆਜ਼ਾਦੀ ਵਾਲੇ ਦਿਨ 14 ਅਗਸਤ ਨੂੰ ਤਬਦੀਲ ਹੋ ਸਕਦਾ ਹੈ। ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੇ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਇਮਰਾਨ ਦੇ ਦੋਸਤਾਂ ਨੂੰ ਸਹੁੰ ਚੁੱਕ ਸਮਾਗਮ ਵਿੱਚ ਸੱਦਾ ਦਿੱਤਾ ਜਾਣਾ ਸੀ, ਪਰ ਹੁਣ ਇਸ ਪ੍ਰੋਗਰਾਮ ਨੂੰ ਬਿਲਕੁਲ ਸਾਦਾ ਰੱਖਣ ਦਾ ਫੈਸਲਾ ਹੋਇਆ ਹੈ। ਸਾਬਕਾ ਭਾਰਤੀ ਕ੍ਰਿਕਟ ਕਪਤਾਨ ਕਪਿਲ ਦੇਵ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਹਾਲੇ ਤਕ ਪੀਟੀਆਈ ਵੱਲੋਂ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ-ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਸਬੰਧੀ ਕੋਈ ਸੱਦਾ ਪੱਤਰ ਨਹੀਂ ਮਿਲਿਆ। ਹਾਲਾਂਕਿ, ਉਨ੍ਹਾਂ ਕਿਹਾ, ‘‘ਮੈਨੂੰ ਸੱਦਿਆ ਗਿਆ ਹੈ, ਪਰ ਲਿਖਤੀ ਤੌਰ ’ਤੇ ਨਹੀਂ। ਮੈਨੂੰ ਉਸ (ਇਮਰਾਨ ਖ਼ਾਨ) ਦੀ ਟੀਮ ਦਾ ਫੋਨ ਆਇਆ ਸੀ, ਪਰ ਕੋਈ ਮੇਲ ਨਹੀਂ ਮਿਲੀ। ਮੈਂ ਅਧਿਕਾਰਤ ਸੱਦੇ ਦੀ ਉਡੀਕ ਕਰ ਰਿਹਾ ਹਾਂ।’’ ਕਪਿਲ ਨੇ ਕਿਹਾ ਕਿ ਜੇਕਰ ਅਧਿਕਾਰਤ ਤੌਰ ’ਤੇ ਸੱਦਾ ਮਿਲਦਾ ਹੈ ਤਾਂ ਉਹ ਇਸ ਸਮਾਰੋਹ ਵਿੱਚ ਜ਼ਰੂਰ ਸ਼ਿਰਕਤ ਕਰਨਗੇ। ਇਹੋ ਵਿਚਾਰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵੀ ਹਨ। ਦੋਵਾਂ ਸਾਬਕਾ ਕ੍ਰਿਕੇਟਰਾਂ ਨੂੰ ਉਮੀਦ ਹੈ ਕਿ ਭਾਰਤ ਤੇ ਪਾਕਿਸਤਾਨ ਵੱਡੇ ਮੁੱਦਿਆਂ ਨੂੰ ਹੱਲ ਕਰਕੇ ਖਿੱਤੇ ਵਿੱਚ ਸ਼ਾਂਤੀ ਲਿਆਉਣ ਵਿੱਚ ਸਫਲ ਰਹਿਣਗੇ।