ਵਿਦੇਸ਼ੀ ਵਰਕ ਪਰਮਿਟ ਦੇ ਨਾਂ 'ਤੇ ਠੱਗੀ, ਤਾਂ ਵਿਦੇਸ਼ ਮੰਤਰਾਲੇ ਤੋਂ ਇੰਝ ਮਿਲੇਗਾ ਮੁਆਵਜ਼ਾ
ਏਬੀਪੀ ਸਾਂਝਾ | 05 Aug 2018 02:01 PM (IST)
ਸੰਕੇਤਕ ਤਸਵੀਰ
ਚੰਡੀਗੜ੍ਹ: ਪੰਜਾਬੀਆਂ ਦਾ ਵਿਦੇਸ਼ ਜਾਣ ਦਾ ਰੁਝਾਨ ਕਾਫੀ ਵਧ ਰਿਹਾ ਹੈ। ਜਾਇਜ਼ ਜਾਂ ਨਾਜਾਇਜ਼ ਤਰੀਕਿਆਂ ਨਾਲ ਭਾਰਤੀ ਨੌਜਵਾਨ ਖਾੜੀ ਮੁਲਕਾਂ ਦੇ ਨਾਲ-ਨਾਲ ਹੋਰ ਦੇਸ਼ਾਂ ਵਿੱਚ ਜਾਣ ਲਈ ਟ੍ਰੈਵਲ ਏਜੰਟਾਂ ਦਾ ਸਹਾਰਾ ਲੈਂਦੇ ਹਨ। ਇਸੇ ਦੌਰਾਨ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਕਿ ਉੱਥੇ ਜਾ ਕੇ ਕੰਮਕਾਜ ਦੌਰਾਨ ਉਨ੍ਹਾਂ ਦੇ ਹੱਕ ਕੀ ਹਨ। ਕੰਮ ਦੌਰਾਨ ਹਾਦਸਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਮੁਆਵਾਜ਼ਾ ਕਿੰਨਾ ਤੇ ਕਿਵੇਂ ਮਿਲ ਸਕਦਾ ਹੈ। ਇਹ ਸਾਰੀਆਂ ਜਾਣਕਾਰੀਆਂ ਨੌਜਵਾਨਾਂ ਨੂੰ ਉਦੋਂ ਹੀ ਮਿਲ ਸਕਣਗੀਆਂ ਜੇਕਰ ਉਹ ਕਾਨੂੰਨੀ ਏਜੰਟਾਂ ਰਾਹੀਂ ਵਿਦੇਸ਼ ਜਾਂਦੇ ਹਨ। ਇਸ ਲਈ ਵਿਦੇਸ਼ ਮੰਤਰਾਲੇ ਨੇ ਪ੍ਰੋਟੈਕਟਰ ਜਨਰਲ ਆਫ਼ ਇਮੀਗ੍ਰੈਂਟ ਤਹਿਤ ਕੁਝ ਹੱਕ ਦਿੱਤੇ ਗਏ ਹਨ। ਇਸੇ ਲਈ ਵਿਦੇਸ਼ ਮੰਤਰਾਲੇ ਨੇ ਪੰਜਾਬ ਵਿੱਚ ਕੁੱਲ 38 ਟ੍ਰੈਵਲ ਏਜੰਟਾਂ ਨੂੰ ਰਜਿਸਟਰ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਪੜ੍ਹਾਈ, ਟੂਰਿਸਟ ਸਮੇਤ ਸੱਤ ਤਰ੍ਹਾਂ ਦੇ ਵੀਜ਼ਿਆਂ 'ਤੇ ਵਿਦੇਸ਼ ਭੇਜਣ ਵਾਲੇ ਏਜੰਟਾਂ ਦੀ ਗਿਣਤੀ 1188 ਹੈ। ਪੰਜਾਬ ਪੁਲਿਸ ਦੇ ਏਡੀਜੀਪੀ (ਐਨਆਰਆਈ) ਈਸ਼ਵਰ ਸਿੰਘ ਨੇ ਦੱਸਿਆ ਕਿ ਇਮੀਗ੍ਰੇਸ਼ਨ ਐਕਟ 1983 ਤਹਿਤ ਲੋਕ ਕੰਮ ਲਈ ਵਿਦੇਸ਼ ਜਾਂਦੇ ਹਨ, ਪਰ ਵਿਦੇਸ਼ ਮੰਤਰਾਲੇ ਵੱਲੋਂ ਪ੍ਰੋਟੈਕਟ ਆਫ਼ ਇੰਮੀਗ੍ਰੈਂਟ ਤਹਿਤ ਜਿਨ੍ਹਾਂ ਟ੍ਰੈਵਲ ਏਜੰਟਾਂ ਨੂੰ ਰਜਿਸਟਰ ਕੀਤਾ ਗਿਆ ਹੈ। ਇਸ ਤਰ੍ਹਾਂ ਵਿਦੇਸ਼ ਜਾਣ ਵਾਲੇ ਨੌਜਵਾਨ ਜ਼ਿਆਦਾ ਸੁਰੱਖਿਅਤ ਰਹਿ ਸਕਦੇ ਹਨ। ਜੇਕਰ ਨੌਜਵਾਨ ਇਨ੍ਹਾਂ ਕਾਨੂੰਨੀ ਏਜੰਟਾਂ ਰਾਹੀਂ ਵਿਦੇਸ਼ ਜਾਂਦੇ ਹਨ ਤਾਂ ਉੱਥੇ ਜਾਣ ਤੋਂ ਬਾਅਦ ਕਿਸੇ ਵੀ ਹਾਦਸੇ ਦਾ ਸ਼ਿਕਾਰ ਹੋਣ ਜਾਂ ਗੁਆਚ ਜਾਣ ਆਦਿ ਮਾਮਲਿਆਂ ਵਿੱਚ ਉਨ੍ਹਾਂ ਬਾਰੇ ਸੌਖਿਆਂ ਹੀ ਪਤਾ ਲੱਗ ਸਕਦਾ ਹੈ। ਵਿਦੇਸ਼ ਮੰਤਰਾਲਾ ਤਹਿਤ ਆਉਂਦੇ ਪ੍ਰੋਟੈਕਟਰ ਜਨਰਲ ਆਫ਼ ਇੰਮੀਗ੍ਰੈਂਟ ਪੂਰੇ ਦੇਸ਼ ਵਿੱਚ ਹਨ। ਇਸ ਦੇ ਚੰਡੀਗੜ੍ਹ ਵਾਲੇ ਦਫ਼ਤਰ ਅਧੀਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਯੂਟੀ ਚੰਡੀਗੜ੍ਹ ਦੇ ਇਲਾਕੇ ਆਉਂਦੇ ਹਨ। ਇਨ੍ਹਾਂ ਸੂਬਿਆਂ ਦੇ ਨੌਜਵਾਨ ਸਹਾਇਤਾ ਲਈ ਚੰਡੀਗੜ੍ਹ ਦੇ ਸੈਕਟਰ 9 ਸਥਿਤ ਕੇਂਦਰੀ ਸਦਨ ਦੀ ਪੰਜਵੀਂ ਮੰਜ਼ਲ 'ਤੇ ਬਣੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਵਿਦੇਸ਼ ਮੰਤਰਾਲਾ ਦਾ ਪੋਰਟਲ ਵੀ ਇਸ ਤਰ੍ਹਾਂ ਦੀ ਮਦਦ ਆਨਲਾਈਨ ਕਰ ਸਕਦਾ ਹੈ। ਵਿਦੇਸ਼ ਵਿੱਚ ਸੰਕਟ ਦੀ ਸਥਿਤੀ ਵਿੱਚ ਪੋਰਟਲ ਰਾਹੀਂ ਵਿਦੇਸ਼ ਮੰਤਰਾਲਾ ਨੂੰ ਸੂਚਨਾ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਮੰਤਰਾਲਾ ਵੱਲੋਂ ਪੀੜਤ ਤੇ ਉਸ ਦੇ ਪਰਿਵਾਰ ਨਾਲ ਸਮੇਂ-ਸਮੇਂ ਰਾਬਤਾ ਕਾਇਮ ਕੀਤਾ ਜਾਵੇਗਾ।