ਚੰਡੀਗੜ੍ਹ: ਅੰਦਰੂਨੀ ਖਾਨਾਜੰਗੀ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੂੰ ਕੱਖੋਂ ਹੌਲਾ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੰਕਟ ਤੇ ਕਾਂਗਰਸ ਸਰਕਾਰ ਦੇ ਦੋ ਸਾਲਾ ਕਾਰਜਕਾਲ ਦੀਆਂ ਨਾਕਾਮੀਆਂ ਕਰਕੇ ਆਮ ਆਦਮੀ ਪਾਰਟੀ ਕੋਲ ਮਿਸ਼ਨ 2019 ਲਈ ਚੰਗਾ ਮੌਕਾ ਸੀ। ਪਾਰਟੀ ਨੇ ਐਨ ਚੋਣਾਂ ਤੋਂ ਪਹਿਲਾਂ ਬਾਗੀ ਖਹਿਰਾ ਧੜੇ ਨੂੰ ਮਨਾਉਣ ਦੀ ਬਜਾਏ ਝਟਕਾ ਦੇ ਕੇ ਆਪਣੇ ਪੈਰਾਂ 'ਤੇ ਕੁਹਾੜਾ ਮਾਰ ਲਿਆ ਹੈ।


ਬੇਸ਼ੱਕ ਇਹ ਤੈਅ ਹੈ ਕਿ ਖਹਿਰਾ ਧੜਾ ਅੱਠ ਵਿਧਾਇਕ ਨਾਲ ਹੋਣ ਦੇ ਬਾਵਜੂਦ ਲੋਕ ਸਭਾ ਚੋਣਾਂ ਵਿੱਚ ਕੋਈ ਵੱਡਾ ਮਾਅਰਕਾ ਨਹੀਂ ਮਾਰ ਸਕਣਗੇ ਪਰ ਉਨ੍ਹਾਂ ਦੇ ਉਮੀਦਵਾਰ ਆਮ ਆਦਮੀ ਪਾਰਟੀ ਨੂੰ ਹਰਾਉਣ ਦਾ ਕੰਮ ਜ਼ਰੂਰ ਕਰਨਗੇ। ਇਸ ਦਾ ਕਾਰਨ ਇਹ ਹੈ ਕਿ ਖਹਿਰਾ ਧੜਾ ਮੁੱਖ ਤੌਰ 'ਤੇ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਨੂੰ ਸੰਨ੍ਹ ਲਾਏਗਾ। ਕੁਝ ਅਕਾਲੀ ਦਲ ਤੇ ਪੰਥਕ ਧਿਰਾਂ ਦੀ ਵੋਟ ਵੀ ਖਹਿਰਾ ਧੜੇ ਪ੍ਰਤੀ ਹਮਦਰਦੀ ਵਿਖਾ ਸਕਦੀ ਹੈ ਪਰ ਇਸ ਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੀ ਹੋਏਗਾ।

ਪਾਰਟੀ ਵੱਲੋਂ ਮੁਅੱਤਲ ਕਰਨ ਮਗਰੋਂ ਸੁਖਪਾਲ ਖਹਿਰਾ ਨੇ ਐਲਾਨ ਕੀਤਾ ਹੈ ਕਿ ਹੁਣ ਪੰਜਾਬ ਵਿੱਚ ਤੀਸਰੀ ਧਿਰ ਬਣਾਉਣ ਲਈ ਮਹਾਂਗਠਬੰਧਨ ਦੀ ਲੋੜ ਹੈ। ਇਸ ਸਬੰਧ ਵਿਚ ਉਹ ਕੁਝ ਧਿਰਾਂ ਨਾਲ ਗੱਲਬਾਤ ਵੀ ਕਰ ਚੁੱਕੇ ਹਨ। ਇਸ ਤੋਂ ਤੈਅ ਹੈ ਕਿ ਖਹਿਰਾ ਤੀਜੀ ਧਿਰ ਬਣਾਉਣ ਜਾ ਰਹੇ ਹਨ। ਇਸ ਤੀਜੀ ਧਿਰ ਵਿੱਚ ਬੈਂਸ ਭਰਾ, ਡਾ. ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ, ਬੀਰਦਵਿੰਦਰ ਸਿੰਘ ਤੇ ਕੁਝ ਪੰਥਕ ਲੀਡਰ ਤੇ ਬਾਗੀ ਅਕਾਲੀ ਦਲ ਦੇ ਲੀਡਰ ਹੋ ਸਕਦੇ ਹਨ।

ਦਿਲਚਸਪ ਹੈ ਕਿ ਇਹ ਸਾਰੀਆਂ ਧਿਰਾਂ ਦਾ ਵੋਟ ਬੈਂਕ ਆਮ ਆਦਮੀ ਪਾਰਟੀ ਪ੍ਰਤੀ ਹੀ ਹਮਦਰਦੀ ਰੱਖਦਾ ਸੀ। ਖਹਿਰਾ ਵੱਲ ਕੁਝ ਵੋਟ ਅਕਾਲੀ ਦਲ ਦਾ ਖਿਸਕ ਸਕਦਾ ਹੈ। ਇਸ ਤਰ੍ਹਾਂ ਵੋਟ ਵੰਡਣ ਨਾਲ ਕੁੱਲ ਮਿਲਾ ਕੇ ਕਾਂਗਰਸ ਨੂੰ ਹੀ ਫਾਇਦਾ ਹੋਏਗਾ। ਆਮ ਆਦਮੀ ਪਾਰਟੀ ਦੇ ਹੱਥੋਂ ਠੀਕ ਉਸੇ ਤਰ੍ਹਾਂ ਮੌਕਾ ਗਵਾਚ ਸਕਦਾ ਹੈ ਜਿਵੇਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਦੇ ਵੱਖ ਹੋਣ ਨਾਲ ਗਵਾਚਿਆ ਸੀ।