ਚੰਡੀਗੜ੍ਹ: ਟਕਸਾਲੀ ਅਕਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਜ਼ਿੰਮੇਵਾਰ ਲੋਕਾਂ ’ਤੇ ਡੇਰਾ ਮੁਖੀ ਦੀ ਫਿਲਮ ਪੰਜਾਬ ’ਚ ਰਿਲੀਜ਼ ਕਰਨ ਦਾ ਦਬਾਅ ਪੈ ਰਿਹਾ ਸੀ। ਸੁਖਬੀਰ ਤੇ ਮਜੀਠੀਆ ਨੇ ਜਥੇਦਾਰਾਂ ਨੂੰ ਆਪਣੀ ਕੋਠੀ ਬੁਲਾ ਕੇ ਡੇਰਾ ਮੁਖੀ ਦੀ ਹਮਾਇਤ ਕੀਤੀ ਸੀ। ਉਹ ਡੇਰਾ ਮੁਖੀ ਨੂੰ ਮੁਆਫੀ ਦੇਣ ਲਈ ਜਥੇਦਾਰਾਂ ’ਤੇ ਦਬਾਅ ਪਾ ਰਹੇ ਸਨ।

ਬੀਤੇ ਦਿਨ ਟਕਸਾਲੀ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਦੇ ਅਸਤੀਫ਼ਾ ਦੇਣ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਪਾਰਟੀ ਤੋਂ ਬਰਖ਼ਾਸਤ ਕਰਨ ਤੋਂ ਬਾਅਦ ਬ੍ਰਹਮਪੁਰਾ ਨੇ ਐਲਾਨ ਕੀਤਾ ਸੀ ਕਿ ਉਹ ਵੀ ਅਜਿਹੇ ਹਸ਼ਰ ਲਈ ਤਿਆਰ ਹਨ, ਜੋ ਵੀ ਸੱਚ ਬੋਲੇਗਾ, ਉਸ ਨੂੰ ਇਸੇ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸੇਖਵਾਂ ਵਾਂਗ ਉਨ੍ਹਾਂ ਨੂੰ ਵੀ ਜਦ ਮਰਜ਼ੀ ਅਕਾਲੀ ਦਲ ਤੋਂ ਬਾਹਰ ਕਰ ਦਿੱਤਾ ਜਾਵੇ, ਕੋਈ ਫਰਕ ਨਹੀਂ ਪੈਂਦਾ, ਪਰ ਉਹ ਸੱਚ ਬੋਲਣ ਤੋਂ ਪਿੱਛੇ ਨਹੀਂ ਹਟਣਗੇ।

ਉਨ੍ਹਾਂ ਦੱਸਿਆ ਕਿ ਜਥੇਦਾਰ ਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਵਚਨ ਦਿੱਤਾ ਜਾਂਦਾ ਹੈ ਕਿ ਜੋ ਉਹ ਕਹਿਣਗੇ, ਉਹੀ ਹੋਵੇਗਾ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਦਿੱਤੀ ਗਈ ਸੀ, ਪਰ ਇਸ ਮਰਿਆਦਾ ਨੂੰ ਮਜੀਠੀਆ ਤੇ ਸੁਖਬੀਰ ਨੇ ਖ਼ਤਮ ਕਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪਹਿਲਾਂ ਮੁਆਫੀ ਦੇਣ ਤੇ ਬਾਅਦ ਵਿੱਚ ਮੁਆਫੀ ਵਾਪਸ ਲੈਣ ਲਈ ਕਿਹਾ ਗਿਆ।

ਉਨ੍ਹਾਂ ਕਿਹਾ ਕਿ ਲੋਕਾਂ ਦੀ ਸ਼ਿਕਾਇਤ ਹੈ ਕਿ ਉਹ ਪਹਿਲਾਂ ਕਿਉਂ ਨਹੀਂ ਬੋਲੇ, ਇਸ ਗੱਲ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਲਗਾਤਾਰ ਬੋਲਦੇ ਰਹੇ ਹਨ ਪਰ ਸਰਕਾਰ ਨੇ ਕੋਈ ਸਖਤ ਐਕਸ਼ਨ ਨਹੀਂ ਲਿਆ। ਇਸ ਤੋਂ ਇਲਾਵਾ ਉਨ੍ਹਾਂ ਹਮੇਸ਼ਾ ਤੋਂ ਹੀ ਰੇਤਾ ਬਜਰੀ, ਟ੍ਰਾਂਸਪੋਰਟ, ਕੇਬਲ ਤੇ ਹੋਰਾਂ ਮਾਫੀਆ ਦਾ ਵੀ ਵਿਰੋਧ ਕੀਤਾ ਹੈ।