ਸੇਵਾ ਸਿੰਘ ਵਿਰਕ


ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਚੱਲ਼ ਰਹੀ ਉਥਲ-ਪੁਥਲ ਦੌਰਾਨ ਭਾਰਤੀ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਵੱਲੋਂ ਪੰਜਾਬ ਵਿੱਚ ਮੁੜ ਖਾਲਿਸਤਾਨੀ ਲਹਿਰ ਉੱਭਰਣ ਦੇ ਦਾਅਵੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਪਿਛਲੇ ਦਿਨੀਂ ਕੀਤੀ ਗ੍ਰਿਫਤਾਰੀਆਂ ਵੀ ਸੰਕੇਤ ਦੇ ਰਹੀਆਂ ਹਨ ਕਿ ਪੰਜਾਬੀਆਂ ਤੇ ਖਾਸਕਰ ਸਿੱਖ ਭਾਈਚਾਰੇ ਅੰਦਰ ਮੌਜੂਦਾ ਸਿਆਸੀ ਸਿਸਟਮ ਖਿਲਾਫ ਰੋਹ ਵਧਦਾ ਜਾ ਰਿਹਾ ਹੈ। ਇਹ ਰੋਹ ਪੰਜਾਬ ਦੇ ਅਣਸੁਲਝੇ ਮਸਲਿਆਂ ਤੇ ਸਿਆਸੀ ਧੋਖੇਬਾਜ਼ੀ ਦੇ ਖਿਲਾਫ ਹੈ ਜੋ ਹਿੰਸਕ ਰੂਪ ਵੀ ਲੈ ਸਕਦਾ ਹੈ।


ਅਹਿਮ ਗੱਲ਼ ਹੈ ਕਿ ਇਸ ਰੋਹ ਦਾ ਸਭ ਤੋਂ ਵੱਡਾ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਬਣ ਰਿਹਾ ਹੈ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਖਾਲਿਸਤਾਨ ਪੱਖੀ ਨੌਜਵਾਨਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਤਲ ਦੀ ਯੋਜਨਾ ਬਣਾਈ ਸੀ। ਅਕਾਲੀ ਦਲ ਖਿਲਾਫ ਉੱਠੇ ਰੋਹ ਨੂੰ ਵੇਖਦਿਆਂ ਹੀ ਟਕਸਾਲੀ ਲੀਡਰ ਪਾਰਟੀ ਤੋਂ ਲਾਂਭੇ ਹੋ ਰਹੇ ਹਨ। ਦੂਜੇ ਪਾਸੇ ਪੰਜਾਬ ਦੀ ਸਿਆਸਤ ਵੀ ਮੁੜ ਪੰਥਕ ਮੁੱਦਿਆਂ ਵੱਲ ਕ੍ਰੇਂਦਿਰਤ ਹੋ ਰਹੀ ਹੈ। ਹੋਰ ਤਾਂ ਹੋਰ ਅਕਾਲੀ ਦਲ ਨੂੰ ਸਿੱਖਾਂ ਦੀ ਬਜਾਏ ਪੰਜਾਬੀ ਪਾਰਟੀ ਬਣਾਉਣ ਵਾਲੇ ਸੁਖਬੀਰ ਬਾਦਲ ਖੁਦ ਪੰਥਕ ਮੁੱਦਿਆਂ ਨੂੰ ਉਭਾਰਨ ਲੱਗੇ ਹਨ।


ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਭਵਿੱਖ ਵਿੱਚ ਪੰਜਾਬ ਇੱਕ ਵਾਰ ਮੁੜ ਸੰਘਰਸ਼ ਦੇ ਰਾਹ ਵੱਲ ਵਧ ਰਿਹਾ ਹੈ। ਇਹ ਸੰਘਰਸ਼ ਹਿੰਸਕ ਰੂਪ ਵੀ ਅਖਤਿਆਰ ਕਰ ਸਕਦਾ ਹੈ। ਇਸ ਲਈ ਫੌਜ ਮੁਖੀ ਤੇ ਪੰਜਾਬ ਪੁਲਿਸ ਦੇ ਦਾਅਵਿਆਂ ਨੂੰ ਸੱਚਾਈ ਤੋਂ ਸੱਖਣੇ ਨਹੀਂ ਕਿਹਾ ਜਾ ਸਕਦਾ। ਦੂਜੇ ਪਾਸੇ ਸਿਆਸੀ ਸੰਕਟ ਤੋਂ ਇਲਾਵਾ ਪੰਜਾਬ ਆਰਥਿਕ ਮੰਦਹਾਲੀ ਦਾ ਵੀ ਸ਼ਿਕਾਰ ਹੈ। ਬੇਰੁਜ਼ਗਾਰੀ, ਕਰਜ਼ ਤੇ ਨਸ਼ੇ ਨੌਜਵਾਨਾਂ ਨੂੰ ਖੁਦਕੁਸ਼ੀ ਦੇ ਰਾਹ ਤੋਰ ਰਹੇ ਹਨ। ਇਸ ਸਭ ਕਾਸੇ ਖਿਲਾਫ ਲੋਕ ਰੋਹ ਸਿਖਰਾਂ ਵੱਲ਼ ਜਾ ਰਿਹਾ ਹੈ ਜਿਸ ਦਾ ਵਿਸਫੋਟ ਕਦੋਂ ਵੀ ਹੋ ਸਕਦਾ ਹੈ।


ਦਰਅਸਲ ਪੰਜਾਬ ਨੇ ਅੱਸੀ ਤੇ ਨੱਬੇ ਦੇ ਦਹਾਕੇ ਵਿੱਚ ਵੱਡਾ ਦਰਦ ਝੱਲਿਆ ਪਰ ਲੱਖਾਂ ਲੋਕਾਂ ਦੀ ਮੌਤ ਤੋਂ ਬਾਅਦ ਵੀ ਪੰਜਾਬ ਦੇ ਮਸਲੇ ਉੱਥੇ ਦੇ ਉੱਥੇ ਹੀ ਖੜ੍ਹੇ ਹਨ। ਇਨ੍ਹਾਂ ਮਸਲਿਆਂ ਪ੍ਰਤੀ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸੰਜੀਦਗੀ ਵਿਖਾਈ ਤੇ ਨਾ ਹੀ ਕੇਂਦਰ ਸਰਕਾਰਾਂ ਨੇ ਇਸ ਵੱਲ ਕੋਈ ਧਿਆਨ ਦਿੱਤਾ। ਅੱਜ ਉਹ ਅਣਸੁਲਝੇ ਮੁੱਦੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਮੁੜ ਲਾਮਬੰਦ ਹੋਣ ਲਈ ਉਕਸਾ ਰਹੇ ਹਨ। ਇਹੋ ਕਾਰਨ ਹੈ ਕਿ ਅੱਜ ਲੋਕ ਉਸ ਸਿਆਸਤਦਾਨ ਨੂੰ ਹੀ ਹੁੰਗਾਰਾ ਦੇ ਰਹੇ ਹਨ ਜੋ ਪੰਥਕ ਮੁੱਦਿਆਂ ਦੀ ਗੱਲ ਕਰਦਾ ਹੈ।


ਇਸ ਦੀ ਤਾਜ਼ਾ ਮਿਸਾਲ ਪਿਛਲੇ ਦਿਨੀਂ 'ਆਪ' ਦੇ ਬਾਗੀ ਲੀਡਰ ਸੁਖਪਾਲ ਖਹਿਰਾ ਵੱਲੋਂ ਬਰਗਾੜੀ ਮੋਰਚਾ ਦੀ ਹਮਾਇਤ ਵਿੱਚ ਰੋਸ ਮਾਰਚ ਦੌਰਾਨ ਵੇਖਣ ਨੂੰ ਮਿਲੀ। ਇੱਥੋਂ ਤੱਕ ਕਿ ਕਾਂਗਰਸ ਵੀ ਪੰਥਕ ਮੁੱਦਿਆਂ ਦੀ ਵਕਾਲਤ ਕਰਨ ਲੱਗੀ ਹੈ ਭਾਵੇਂ ਉਸ ਵਿੱਚ ਅਕਾਲੀ ਦਲ ਨੂੰ ਠਿੱਬੀ ਲਾਉਣ ਦੀ ਭਾਵਨਾ ਹੀ ਛੁਪੀ ਹੋਈ ਹੈ। ਅਲੱਗ-ਥਲੱਗ ਪਏ ਗਰਮ ਖਿਆਲੀ ਲੀਡਰ ਮੁੜ ਸਰਗਰਮ ਹੋ ਰਹੇ ਹਨ। ਵਿਦੇਸ਼ਾਂ ਤੋਂ ਵੀ ਪੰਜਾਬ ਦੀ ਸਿਆਸਤ ਵਿੱਚ ਦਖਲਅੰਦਾਜ਼ੀ ਵਧ ਰਹੀ ਹੈ। ਸੋਸ਼ਲ ਮੀਡੀਆ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ ਜੋ ਮੁੱਖ ਧਾਰਾ ਦੇ ਮੀਡੀਆ ਨੂੰ ਮਾਤ ਪਾ ਰਿਹਾ ਹੈ।



ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਪੰਜਾਬੀ ਨੌਜਵਾਨਾਂ ਦੇ ਮਨਾਂ ਅੰਦਰਲੀ ਬੇਚੈਨੀ ਨੂੰ ਸਮਝਣਾ ਜ਼ਰੂਰੀ ਹੈ। ਪੰਜਾਬ ਦੇ ਮਸਲਿਆਂ ਨੂੰ ਦਿਆਨਦਾਰੀ ਨਾਲ ਹੱਲ ਕਰਨ ਵੱਲ਼ ਵਧਣਾ ਸਮੇਂ ਦੀ ਲੋੜ ਹੈ। ਸਿਆਸੀ ਪਾਰਟੀਆਂ ਨੂੰ ਸੱਤਾ ਦੇ ਮੋਹ ਨਾਲੋਂ ਖਿੱਤੇ ਦੇ ਮਸਲਿਆਂ ਨੂੰ ਮੁਖਾਤਬ ਹੋਣਾ  ਪਵੇਗਾ। ਨੌਜਵਾਨਾਂ ਦਾ ਸਿਸਟਮ ਵਿੱਚ ਭਰੋਸਾ ਬਹਾਲ ਕਰਨਾ ਪਵੇਗਾ। ਜੇਕਰ ਸਿਆਸੀ ਪਾਰਟੀਆਂ ਤੇ ਸਰਕਾਰਾਂ ਨੇ ਇਸ ਨੂੰ ਇਮਾਨਦਾਰੀ ਨਾਲ ਨਾ ਲਿਆ ਤਾਂ ਫੌਜ ਮੁਖੀ ਦੀ ਪੇਸ਼ੀਨਗੋਈ ਸੱਚ ਸਾਬਤ ਹੋਣ ਤੋਂ ਕੋਈ ਨਹੀਂ ਰੋਕ ਸਕਦਾ।