ਚੰਡੀਗੜ੍ਹ: "ਪੰਜਾਬ 'ਚ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਨਾਜਾਇਜ਼ ਮਾਈਨਿੰਗ ਬਾਰੇ ਸਰਕਾਰ ਨੂੰ ਸਭ ਪਤਾ ਹੈ। ਕਾਂਗਰਸ ਦੇ ਲੀਡਰ ਗੁੰਡਾ ਟੈਕਸ ਵਸੂਲ ਰਹੇ ਹਨ। ਇਹ ਪੰਜਾਬ ਨਾਲ ਧੋਖਾ ਹੈ ਜੇ ਇਸ ਨੂੰ ਰੋਕਣਾ ਹੈ ਤਾਂ ਇਸ ਮਸਲੇ 'ਤੇ ਆਲ ਪਾਰਟੀ ਪਾਰਟੀ ਕਮੇਟੀ ਬਣਨੀ ਚਾਹੀਦੀ ਹੈ।" ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਮੰਗ ਪੱਤਰ ਸੌਂਪਦਿਆ ਇਹ ਗੱਲ ਕਹੀ ਹੈ। ਉਨ੍ਹਾਂ ਨਾਲ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਹਜ਼ਾਰ ਸਨ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਦੀ ਸਰਕਾਰ 'ਚ ਕੋਈ ਫਰਕ ਨਹੀਂ। ਮਾਈਨਿੰਗ ਸਮੇਤ ਹਰ ਖੇਤਰ 'ਚ ਪਹਿਲਾਂ ਦੀ ਤਰ੍ਹਾਂ ਲੁੱਟ ਜਾਰੀ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਸੂਬੇ 'ਚ ਧੜੱਲੇ ਨਾਲ ਮਾਈਨਿੰਗ ਹੋ ਰਹੀ ਹੈ। ਜਦੋਂ ਖਹਿਰਾ ਨੂੰ ਪੁੱਛਿਆ ਗਿਆ ਕਿ ਤੁਹਾਡੇ ਵਿਧਾਇਕਾਂ 'ਤੇ ਵੀ ਮਾਈਨਿੰਗ ਮਾਫੀਆ 'ਚ ਸ਼ਾਮਲ ਹੋਣ ਦੇ ਇਲਜ਼ਾਮ ਲੱਗ ਰਹੇ ਹਨ ਤਾਂ ਉਨ੍ਹਾਂ ਕਿਹਾ, "ਮੈਨੂੰ ਭਰੋਸਾ ਹੈ ਕਿ ਸਾਡਾ ਕੋਈ ਵੀ ਵਿਧਾਇਕ ਅਜਿਹਾ ਕੰਮ ਨਹੀਂ ਕਰ ਰਿਹਾ ਪਰ ਫੇਰ ਵੀ ਮੈਂ ਜਾਂਚ ਕਰਾਂਗਾ।"

ਉਨ੍ਹਾਂ ਕਿਹਾ ਕਿ ਪਹਿਲਾਂ ਵਿਧਾਨ ਸਭਾ ਦੀ ਕਿਸਾਨ ਖੁਦਕੁਸ਼ੀਆਂ 'ਤੇ ਬਣੀ ਆਲ ਪਾਰਟੀ ਕਮੇਟੀ ਬਹੁਤ ਵਧੀਆ ਕੰਮ ਕਰ ਰਹੀ ਹੈ। ਇਸ ਲਈ ਮਾਈਨਿੰਗ ਮਾਮਲੇ 'ਤੇ ਕਾਰਵਾਈ ਜ਼ਰੂਰੀ ਹੈ। ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਰ-ਕਾਨੂੰਨੀ ਖਣਨ ਮਸਲੇ 'ਚ ਸਪਸ਼ਟ ਕੀਤਾ ਸੀ ਕਿ ਇਸ ਕੰਮ ਵਿੱਚ ਲੱਗੇ ਕਿਸੇ ਨੂੰ ਵੀ ਕਿਸੇ ਵੀ ਕੀਮਤ 'ਤੇ ਮੁਆਫ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਖਣਨ ਅਤੇ ਟੈਕਸਾਂ ਦੀ ਚੋਰੀ ਕਾਰਨ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਜਿਸ ਨੂੰ ਪਹਿਲ ਦੇ ਆਧਾਰ ਤੇ ਰੋਕੇ ਜਾਣ ਦੀ ਜ਼ਰੂਰਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮੌਕੇ ਸੂਬਾ ਹੋਰ ਵਿੱਤੀ ਨੁਕਸਾਨ ਸਹਿਣ ਨਹੀਂ ਕਰ ਸਕਦਾ।