ਚੰਡੀਗੜ੍ਹ: ਸਿੱਖ ਕਤਲੇਆਮ ਕੇਸ ਦੇ ਮੁੱਖ ਮੁਲਜ਼ਮ ਤੇ ਸੀਨੀਅਰ ਕਾਂਗਰਸ ਲੀਡਰ ਜਗਦੀਸ਼ ਟਾਈਟਲਰ ਨੇ ਆਪਣੇ ਖ਼ਿਲਾਫ ਆਏ ਸਟਿੰਗ ਵੀਡੀਓ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, "ਮੇਰੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਮੈਂ ਇਸ ਖ਼ਿਲਾਫ ਕਾਨੂੰਨੀ ਕਾਰਵਾਈ ਕਰਾਂਗਾ।" ਉਨ੍ਹਾਂ ਇਹ ਵੀ ਕਿਹਾ, "ਅਕਾਲੀ ਦਲ ਦਾ ਇੱਕੋ-ਇੱਕ ਏਜੰਡਾ ਮੈਨੂੰ ਬਦਨਾਮ ਕਰਨਾ ਹੈ ਤੇ ਜਿਨ੍ਹਾਂ ਅਕਾਲੀ ਲੀਡਰਾਂ ਨੇ ਮੇਰੇ ਖ਼ਿਲਾਫ ਪ੍ਰੈੱਸ ਕਾਨਫਰੰਸ ਕੀਤੀ ਹੈ, ਉਹ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ।"

ਟਾਈਟਲਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਦਾਲਤਾਂ 'ਤੇ ਭਰੋਸਾ ਹੈ ਤੇ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਭ ਤੋਂ ਮਾੜੀ ਗੱਲ ਹੈ ਕਿ ਮੇਰੇ ਖ਼ਿਲਾਫ ਕੋਈ ਪੁਖ਼ਤਾ ਸਬੂਤ ਲਿਆਉਣ ਦੀ ਥਾਂ ਇਸ ਤਰ੍ਹਾਂ ਦੇ ਝੂਠ ਫੈਲਾਏ ਜਾ ਰਹੇ ਹਨ।

ਕੱਲ੍ਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਟਾਈਟਲਰ ਦਾ ਸਟਿੰਗ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਵੀਡੀਓ 'ਚ ਟਾਈਟਲਰ ਨੇ 100 ਸਿੱਖਾਂ ਦੇ ਕਤਲ ਦੀ ਗੱਲ ਕਬੂਲੀ ਹੈ। ਇਹ ਵੀਡੀਓ ਸਾਲ 2011 ਦਾ ਵੀਡੀਓ ਹੈ। ਇਸ ਦੇ ਰਿਲੀਜ਼ ਹੋਣ ਮਗਰੋਂ ਸਿਆਸਤ ਭਖੀ ਹੈ।

ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਸੀ ਕਿ ਦਿੱਲੀ ਤੇ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਉਣ ਲਈ ਗਾਂਧੀ ਪਰਿਵਾਰ ਵਿਰੁੱਧ ਕੇਸ ਦਰਜ ਕੀਤਾ ਜਾਵੇ। ਸੁਖਬੀਰ ਨੇ ਕਿਹਾ ਕਿ ਇਹ ਦੋਵੇਂ ਖੁਲਾਸੇ 1984 ਦੇ ਕਤਲੇਆਮ ਵਿੱਚ ਗਾਂਧੀ ਪਰਿਵਾਰ ਦੀ ਸਿੱਧੀ ਸ਼ਮੂਲੀਅਤ ਨੂੰ ਸਾਬਤ ਕਰਦੇ ਹਨ। ਉਨ੍ਹਾਂ ਕਿਹਾ ਕਿ ਟਾਈਟਲਰ ਖ਼ਿਲਾਫ ਅੱਜ ਸਾਹਮਣੇ ਆਇਆ ਵੀਡੀਓ ਦਸੰਬਰ 2011 ਦਾ ਰਿਕਾਰਡ ਕੀਤਾ ਹੋਇਆ ਹੈ। ਟਾਈਟਲਰ ਨੂੰ ਕੇਂਦਰੀ ਮੰਤਰਾਲੇ ਵਿੱਚੋਂ 2009 ਵਿੱਚ ਕੱਢਿਆ ਗਿਆ ਸੀ।