ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅਵਾਰਾਂ ਕੁੱਤਿਆਂ ਦੀ ਦਹਿਸ਼ਤ ਦਾ ਮਾਮਲਾ ਉਠਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਬਾਦਲ ਤੇ ਵਿਜੈ ਸਾਂਪਲਾ ਨੂੰ ਘੇਰਿਆ ਹੈ। ਅਬੋਹਰ ਦੇ ਪਿੰਡ ਸ਼ੇਰਗੜ੍ਹ ‘ਚ ਗ਼ਰੀਬ ਪਰਿਵਾਰ ਦੇ ਤਿੰਨ ਸਾਲਾ ਬੱਚੇ ਨੂੰ ਨੋਚ-ਖਾਣ ਖਾਣ ਦੀਆਂ ਖਬਰਾਂ ਮਗਰੋਂ 'ਆਪ' ਨੇ ਅਵਾਰਾਂ ਕੁੱਤਿਆਂ ਦੀ ਦਹਿਸ਼ਤ ਨੂੰ ਗੰਭੀਰ ਮਾਮਲਾ ਕਰਾਰ ਦਿੱਤਾ ਹੈ।


ਕੋਟਕਪੂਰਾ ਤੋਂ ਵਿਧਾਇਕ ਤੇ ‘ਆਪ’ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਵਾਰਾ ਕੁੱਤਿਆਂ ਤੇ ਪਸ਼ੂਆਂ ਕਾਰਨ ਲਗਾਤਾਰ ਵਾਪਰ ਰਹੀਆਂ ਖੌਫਨਾਕ ਘਟਨਾਵਾਂ ਦਾ ਸੂਬਾ ਤੇ ਕੇਂਦਰ ਸਰਕਾਰ ‘ਤੇ ਕੋਈ ਅਸਰ ਹੀ ਨਹੀਂ ਹੋ ਰਿਹਾ। ਸੰਧਵਾਂ ਨੇ ਕਿਹਾ ਕਿ ਆਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਸੂਬਾ ਤੇ ਕੇਂਦਰ ਸਰਕਾਰ ਦੀ ਹੈ।

ਇਸ ਲਈ ਜਿੱਥੇ ਬਿਜਲੀ, ਐਕਸਾਈਜ਼ ਤੇ ਡੀਜ਼ਲ-ਪੈਟਰੋਲ ਆਦਿ ‘ਤੇ ਲੋਕਾਂ ਦੀਆਂ ਜੇਬਾਂ ‘ਚ ਟੈਕਸ ਵਸੂਲਿਆ ਜਾ ਰਿਹਾ ਹੈ, ਉੱਥੇ ਸਾਲਾਨਾ ਬਜਟ ‘ਚ ਵੀ ਫ਼ੰਡਾਂ ਦਾ ਪ੍ਰਬੰਧ ਤੈਅ ਕੀਤਾ ਜਾਂਦਾ ਹੈ, ਪਰ ਸਮੱਸਿਆ ਘਟਣ ਦੀ ਥਾਂ ਵਧਦੀ ਹੀ ਜਾ ਰਹੀ ਹੈ। ਕੀ ਸਰਕਾਰਾਂ ਦੱਸ ਸਕਦੀਆਂ ਹਨ ਕਿ ਟੈਕਸ ਦੇ ਰੂਪ ‘ਚ ਲੋਕਾਂ ਦੀਆਂ ਜੇਬਾਂ ‘ਚ ਕੱਢਿਆ ਜਾ ਰਿਹਾ ਇਹ ਪੈਸਾ ਕਿਥੇ ਜਾ ਰਿਹਾ ਹੈ? ਸੰਧਵਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਵਿਜੈ ਸਾਂਪਲਾ ਨੂੰ ਇੱਕਜੁੱਟ ਹੋ ਕੇ ਜਵਾਬਦੇਹ ਬਣਾਉਣ ਕਿ ਆਵਾਰਾ ਕੁੱਤਿਆਂ ਤੇ ਪਸ਼ੂਆਂ ਦੇ ਅੱਤਵਾਦ ਤੋਂ ਲੋਕਾਂ ਤੇ ਬੱਚਿਆਂ ਨੂੰ ਬਚਾਉਣ ਲਈ ਠੋਸ ਕਦਮ ਕਿਉਂ ਨਹੀਂ ਚੁੱਕਦੇ?

ਸੰਧਵਾਂ ਨੇ ਕਿਹਾ ਕਿ ਆਵਾਰਾ ਪਸ਼ੂ ਹਰ ਸਾਲ ਸੜਕ ਹਾਦਸਿਆਂ ‘ਚ ਔਸਤਨ 150 ਜਾਨਾਂ ਲੈ ਰਹੇ ਹਨ ਤੇ ਲਗਭਗ 200 ਕਰੋੜ ਰੁਪਏ ਦੀਆਂ ਫ਼ਸਲਾਂ ਦਾ ਨੁਕਸਾਨ ਕਰ ਰਹੇ ਹਨ। ਇਸੇ ਤਰ੍ਹਾਂ ਦਾ ਆਤੰਕ ਆਵਾਰਾ ਕੁੱਤਿਆਂ ਨੇ ਫੈਲਾ ਰੱਖਿਆ ਹੈ। ਉਨ੍ਹਾਂ ਸੂਬਾ ਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਆਪਣੀ ਡਿਊਟੀ ਨਿਭਾਉਣ ਤੋਂ ਹੁਣ ਵੀ ਅਸਮਰਥ ਰਹੀਆਂ ਤਾਂ ਲੋਕਾਂ ਨੇ ਮਜਬੂਰ ਹੋ ਕੇ ਆਪਣੇ ਤਰੀਕੇ ਨਾਲ ਨਿਪਟਣਾ ਸ਼ੁਰੂ ਕਰ ਦੇਣਾ ਹੈ, ਅਜਿਹੇ ਹਾਲਾਤ ‘ਚ ਆਮ ਆਦਮੀ ਪਾਰਟੀ ਲੋਕਾਂ ਦਾ ਸਾਥ ਦੇਵੇਗੀ।