ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਲਈ ਆਪਣਾ ਕਾਫਲਾ ਵਧਾਉਣ ਦੀ ਰਣਨੀਤੀ ਘੜੀ ਹੈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨਾਲ ਗੱਠਗੋੜ ਦੀ ਗੱਲ਼ ਤੋਰਨ ਮਗਰੋਂ ਬਸਪਾ ਨਾਲ ਹੱਥ ਮਿਲਾਉਣ ਦੀ ਤਿਆਰੀ ਕਰ ਰਹੀ ਹੈ। ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ‘ਆਪ’ ਦੀ ਬਸਪਾ ਲੀਡਰਸ਼ਿਪ ਨਾਲ ਮੁੜ ਗੱਲ ਚੱਲ ਰਹੀ ਹੈ। ਉਨ੍ਹਾਂ ਨਾਲ ਚੋਣ ਸਮਝੌਤਾ ਹੋਣ ਦੇ ਆਸਾਰ ਹਨ।


ਭਗਵੰਤ ਮਾਨ ਦਾ ਕਹਿਣਾ ਹੈ ਕਿ ਬਸਪਾ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਇਕ-ਦੋ ਦਿਨਾਂ ਵਿੱਚ ਗੱਲ ਕਿਸੇ ਪਾਸੇ ਲੱਗ ਜਾਵੇਗੀ। ਉਨ੍ਹਾਂ ਕਿਹਾ ਕਿ ਬਸਪਾ ਨਾਲ ਸਮਝੌਤਾ ਕਰਨ ਵੇਲੇ ਟਕਸਾਲੀ ਦਲ ਨਾਲ ਹੋਈ ਸੀਟਾਂ ਦੀ ਵੰਡ ਨੂੰ ਬਕਾਇਦਾ ਸਨਮੁੱਖ ਰੱਖਿਆ ਜਾਵੇਗਾ।

ਦਿਲਚਸਪ ਗੱਲ਼ ਹੈ ਕਿ ਬਸਪਾ ਪਹਿਲਾਂ ਹੀ ਪੀਡੀਏ ਨਾਲ ਗੱਠਜੋੜ ਕਰ ਚੁੱਕੀ ਹੈ। ਸੀਟਾਂ ਦੀ ਵੰਡ ਵੀ ਹੋ ਚੁੱਕੀ ਹੈ। ਇਸ ਲਈ ਭਗਵੰਤ ਮਾਨ ਦੇ ਦਾਅਵਿਆਂ ਨੇ ਨਵੀਂ ਚਰਚਾ ਛੇੜ ਦੱਤੀ ਹੈ। ਉਂਝ ਬਸਪਾ ਵੀ ਆਮ ਆਦਮੀ ਪਾਰਟੀ ਨੂੰ ਪੀਡੀਏ ਵਿੱਚ ਸ਼ਾਮਲ ਕਰਨ ਦੀ ਵਕਾਲਤ ਕਰਦੀ ਰਹੀ ਹੈ ਪਰ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਤੇ ਬੈਂਸ ਭਰਾਵਾਂ ਕਰਕੇ ਇਸ ਪ੍ਰਤੀ ਕੋਈ ਹੁੰਗਾਰਾ ਨਹੀਂ ਭਰਿਆ ਗਿਆ ਸੀ।

ਕਾਬਲੇਗੌਰ ਹੈ ਕਿ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਚਾਲੇ ਲੋਕ ਸਭਾ ਚੋਣਾਂ ਲਈ ਗੱਠਜੋੜ ਹੋਣ ਦੇ ਆਸਾਰ ਬਣ ਗਏ ਹਨ। ਸੂਤਰਾਂ ਮੁਤਾਬਕ ਆਨੰਦਪੁਰ ਸਾਹਿਬ ਨੂੰ ਛੱਡ ਕੇ ਬਾਕੀ 12 ਸੀਟਾਂ ਉਪਰ ਦੋਵੇਂ ਧਿਰਾਂ ਵਿਚਕਾਰ ਸਹਿਮਤੀ ਬਣ ਗਈ ਹੈ। ਟਕਸਾਲੀ ਦਲ ਵੱਲੋਂ ਪਹਿਲਾਂ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਨਾਲ ਸਮਝੌਤਾ ਕਰਨ ਦੇ ਯਤਨ ਚਲਦੇ ਰਹੇ ਸਨ ਪਰ ਆਨੰਦਪੁਰ ਸਾਹਿਬ ਸੀਟ ਉਪਰ ਸਹਿਮਤੀ ਨਾ ਬਣਨ ਕਾਰਨ ਗੱਲਬਾਤ ਟੁੱਟ ਗਈ ਸੀ। ਟਕਸਾਲੀ ਦਲ ਆਨੰਦਪੁਰ ਸਾਹਿਬ ਤੋਂ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੂੰ ਚੋਣ ਲੜਾਉਣਾ ਚਾਹੁੰਦਾ ਸੀ ਜਦਕਿ ਬਸਪਾ ਇਸ ਸੀਟ ਉਪਰ ਆਪਣਾ ਹੱਕ ਜਤਾ ਰਹੀ ਸੀ।

ਸੂਤਰਾਂ ਅਨੁਸਾਰ ਹੁਣ ‘ਆਪ’ ਵੱਲੋਂ ਟਕਸਾਲੀ ਦਲ ਲਈ ਖਡੂਰ ਸਾਹਿਬ ਤੇ ਫਿਰੋਜ਼ਪੁਰ ਦੀਆਂ ਸੀਟਾਂ ਛੱਡੀਆਂ ਜਾ ਰਹੀਆਂ ਹਨ। ਟਕਸਾਲੀਆਂ ਵੱਲੋਂ ਖਡੂਰ ਸਾਹਿਬ ਤੋਂ ਪਹਿਲਾਂ ਹੀ ਥਲ ਸੈਨਾ ਦੇ ਸਾਬਕਾ ਮੁਖੀ ਜੇ ਜੇ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਜਾ ਚੁੱਕਿਆ ਹੈ। ਟਕਸਾਲੀ ਦਲ ਫਿਰੋਜ਼ਪੁਰ ਤੋਂ ਬਾਦਲ ਦਲ ਦੇ ਬਾਗ਼ੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੂੰ ਚੋਣ ਲੜਾਉਣ ਉਪਰ ਵਿਚਾਰ ਕਰ ਰਿਹਾ ਹੈ।