ਅੰਮ੍ਰਿਤਸਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਕੋਰ ਕਮੇਟੀ ਦੀ ਬੈਠਕ ਅੱਜ ਇੱਥੇ ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸੰਸਦ ਮੈਂਬਰ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਬਾਕੀ ਮੈਂਬਰਾਂ ਨੇ ਹਿੱਸਾ ਲਿਆ। 'ਆਪ' ਵੱਲੋਂ ਜਾਰੀ ਬਿਆਨ ਰਾਹੀਂ ਚੇਅਰਮੈਨ ਬੁੱਧ ਰਾਮ ਨੇ ਦੱਸਿਆ ਕਿ ਬੈਠਕ 'ਚ ਪਾਰਟੀ ਦੇ ਢਾਂਚੇ ਦਾ ਵਿਸਤਾਰ ਕਰਦਿਆਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ 'ਆਪ' ਕਿਸਾਨ ਵਿੰਗ ਪੰਜਾਬ ਦਾ ਪ੍ਰਧਾਨ, ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਧੋਆ ਨੂੰ ਟਰਾਂਸਪੋਰਟ ਵਿੰਗ ਦਾ ਸੂਬਾ ਪ੍ਰਧਾਨ ਤੇ ਐਡਵੋਕੇਟ ਜਸਤੇਜ ਸਿੰਘ ਅਰੋੜਾ ਨੂੰ ਲੀਗਲ ਸੈੱਲ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ।

 

ਇਸੇ ਤਰ੍ਹਾਂ ਤਿੰਨ ਜ਼ਿਲ੍ਹਾ ਪ੍ਰਧਾਨ, 8 ਹਲਕਾ ਪ੍ਰਧਾਨ ਤੇ ਹੋਰ ਨਿਯੁਕਤੀਆਂ ਕੀਤੀਆਂ ਗਈਆਂ। ਇਨ੍ਹਾਂ 'ਚ ਜਸਪਾਲ ਸਿੰਘ ਦਾਤੇਵਾਸ ਨੂੰ ਜ਼ਿਲ੍ਹਾ ਮਾਨਸਾ, ਕਰਮਜੀਤ ਸਿੰਘ ਢੀਂਡਸਾ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੇ ਗੁਰਦੀਪ ਸਿੰਘ ਬਾਠ ਨੂੰ ਬਰਨਾਲਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਹਲਕਾ ਪ੍ਰਧਾਨਾਂ 'ਚ ਮੁਕੇਰੀਆਂ ਤੋਂ ਗੁਰਧਿਆਨ ਸਿੰਘ ਮੁਲਤਾਨੀ, ਜ਼ੀਰਾ ਤੋਂ ਚੰਦ ਸਿੰਘ ਗਿੱਲ, ਗੁਰੂ ਹਰਸਹਾਏ ਤੋਂ ਮਲਕੀਤ ਥਿੰਦ, ਲੁਧਿਆਣਾ ਸੈਂਟਰਲ ਤੋਂ ਸੁਰੇਸ਼ ਗੋਇਲ, ਮਲੇਰਕੋਟਲਾ ਤੋਂ ਜਮੀਲ ਉਰ ਰਹਿਮਾਨ, ਅਮਰਗੜ੍ਹ ਤੋਂ ਨਵਜੋਤ ਸਿੰਘ ਜਰਗ, ਅਟਾਰੀ ਤੋਂ ਜਸਵੰਤ ਸਿੰਘ ਨਰਾਇਣਪੁਰਾ ਤੇ ਫ਼ਤਿਹਗੜ੍ਹ ਚੂੜੀਆਂ ਤੋਂ ਪੀਟਰ ਜੀਦਾ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅੰਮ੍ਰਿਤਸਰ ਸਾਊਥ ਤੋਂ ਵਿਜੈ ਗਿੱਲ ਤੇ ਕੁਲਵੰਤ ਸਿੰਘ ਨੂੰ ਫ਼ਤਿਹਗੜ੍ਹ ਚੂੜੀਆਂ ਦਾ ਹਲਕਾ ਸਹਿ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮਹਿਲਾ ਵਿੰਗ 'ਚ ਪਰਮਿੰਦਰ ਸਮਾਘ ਨੂੰ ਮਹਿਲਾ ਵਿੰਗ ਮਾਨਸਾ ਦਾ ਜ਼ਿਲ੍ਹਾ ਪ੍ਰਧਾਨ ਤੇ ਮਲਕੀਤ ਕੌਰ ਨੂੰ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਪ੍ਰਿੰਸੀਪਲ ਬੁੱਧ ਰਾਮ ਨੇ ਸਪਸ਼ਟ ਕੀਤਾ ਕਿ ਕੋਰ ਕਮੇਟੀ ਬੈਠਕ ਦੌਰਾਨ ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਉੱਤੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ ਤੇ ਇਕਮੱਤ ਫ਼ੈਸਲਾ ਲਿਆ ਕਿ ਉਮੀਦਵਾਰਾਂ ਦੀ ਚੋਣ ਲਈ ਪਾਰਟੀ ਦੇ ਵਲੰਟੀਅਰਾਂ ਨੂੰ ਹੀ ਪਹਿਲ ਦਿੱਤੀ ਜਾਵੇਗੀ। ਉਮੀਦਵਾਰ ਦੀ ਪਾਰਟੀ ਪ੍ਰਤੀ ਵਚਨਬੱਧਤਾ, ਇਮਾਨਦਾਰ ਅਕਸ, ਚਰਿੱਤਰ ਤੇ ਬੇਦਾਗ਼ ਪਿਛੋਕੜ ਦਾ ਖ਼ਾਸ ਖ਼ਿਆਲ ਰੱਖਿਆ ਜਾਵੇਗਾ। ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਉਮੀਦਵਾਰ ਚੋਣ ਪ੍ਰਕਿਰਿਆ ਦਾ ਪਹਿਲਾ ਪੜਾਅ ਨਵੰਬਰ ਅੰਤ ਤੱਕ ਮੁਕੰਮਲ ਹੋ ਜਾਵੇਗਾ ਤੇ ਦਸੰਬਰ ਅੰਤ ਤੱਕ ਉਮੀਦਵਾਰ ਐਲਾਨ ਕਰ ਦਿੱਤੇ ਜਾਣਗੇ।

ਉਨ੍ਹਾਂ ਕਿਹਾ ਕਿ ਸਮੁੱਚੀ ਚੋਣ ਪ੍ਰਕਿਰਿਆ ਕੋਰ ਕਮੇਟੀ ਪੰਜਾਬ ਵੱਲੋਂ ਹੀ ਨੇਪਰੇ ਚੜ੍ਹਾਈ ਜਾਵੇਗੀ, ਕੋਰ ਕਮੇਟੀ ਵੱਲੋਂ ਚੁਣੇ ਗਏ ਨਾਮ ਅੰਤਿਮ ਮੋਹਰ ਲਈ ਪਾਰਟੀ ਦੀ ਰਾਸ਼ਟਰੀ ਪੀਏਸੀ ਕੋਲ ਭੇਜੇ ਜਾਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਅਜੇ ਤੱਕ ਪਾਰਟੀ ਵੱਲੋਂ ਕੋਈ ਉਮੀਦਵਾਰ ਨਹੀਂ ਐਲਾਨਿਆ ਗਿਆ। ਚੋਣ ਪ੍ਰਕਿਰਿਆ ਪਾਰਦਰਸ਼ੀ ਤੇ ਲੋਕਤੰਤਰਕ ਹੋਵੇਗੀ। ਕਿਸੇ ਵੀ ਸ਼ਿਕਾਇਤ ਜਾਂ ਇਤਰਾਜ਼ ਨੂੰ ਕੋਰ ਕਮੇਟੀ ਖ਼ੁਦ ਸੁਣੇਗੀ। ਕੋਰ ਕਮੇਟੀ ਨੇ ਯੂਥ ਵਿੰਗ, ਮਹਿਲਾ ਵਿੰਗ, ਕਿਸਾਨ ਵਿੰਗ, ਐਸ.ਸੀ ਵਿੰਗ 'ਚ ਲੰਬਿਤ ਪਈਆਂ ਨਿਯੁਕਤੀਆਂ ਨੂੰ ਇੱਕ ਨਿਸ਼ਚਿਤ ਸਮੇਂ 'ਚ ਪੂਰਾ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ।