ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਰਕਾਰ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੀ ਤਫਤੀਸ਼ ਕਰਨ ਲਈ ਬਣਾਈ ਐਸਆਈਟੀ 'ਤੇ ਭਰੋਸਾ ਜਤਾਇਆ ਹੈ। ਮਾਨ ਨੇ ਕਿਹਾ ਕਿ ਹਾਦਸੇ ਨੇ ਸਾਰੇ ਦੇਸ਼ ਦਾ ਦਿਲ ਦਹਿਲਾ ਦਿੱਤਾ ਹੈ। ਇਸ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਮਿਲਣੀ ਜ਼ਰੂਰੀ ਹੈ।

ਸਿੱਧੂ ਜੋੜੇ ਬਾਰੇ ਤਿੱਖਾ ਨਾ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਾਂਚ ਵਿੱਚ ਜੋ ਵੀ ਇਸ ਹਾਦਸੇ ਲਈ ਜ਼ਿੰਮੇਵਾਰ ਹੋਵੇਗਾ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤਫ਼ਤੀਸ਼ ਬੇਸ਼ੱਕ ਸਰਕਾਰ ਵੱਲੋਂ ਨਿਯੁਕਤ ਕੀਤੀ ਐਸਆਈਟੀ ਕਰੇ ਪਰ ਹਾਈਕੋਰਟ ਦੇ ਮੌਜੂਦਾ ਜੱਜ ਵੱਲੋਂ ਇਸ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।

ਅਕਾਲੀ ਦਲ ਦੇ ਰਾਜਪਾਲ ਨੂੰ ਮੌਜੂਦਾ ਜੱਜ ਤੋਂ ਜਾਂਚ ਕਰਾਉਣ ਦੇ ਮੰਗ ਪੱਤਰ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਨੇ ਬਰਗਾੜੀ ਕਾਂਡ ਨੂੰ ਲੈ ਕੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਵੀ ਨਹੀਂ ਮੰਨਿਆ ਸੀ। ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਨਹੀਂ ਮੰਨ ਰਹੇ। ਜਦੋਂ ਅਕਾਲੀ ਦਲ ਨੂੰ ਜੁਡੀਸ਼ਲ ਕਮਿਸ਼ਨ ’ਤੇ ਭਰੋਸਾ ਹੀ ਨਹੀਂ ਤਾਂ ਇਨ੍ਹਾਂ ਦੀ ਮੰਗ ਵੀ ਬੇਬੁਨਿਆਦ ਹੈ।