ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ਨੂੰ ਚਿਤਾਵਨੀ ਦਿੱਤੀ ਹੈ।'ਆਪ' ਮੁਤਾਬਿਕ ਜੇਕਰ ਆਗਾਮੀ ਬਜਟ ਇਜਲਾਸ ਦੌਰਾਨ ਕੈਪਟਨ ਸਰਕਾਰ ਨਿੱਜੀ ਬਿਜਲੀ ਕੰਪਨੀਆਂ ਨਾਲ ਪਿਛਲੀ ਬਾਦਲ ਸਰਕਾਰ ਵੱਲੋਂ ਕੀਤੇ ਲੋਟੂ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਨਹੀਂ ਕਰਦੀ ਤਾਂ ਸੂਬੇ ਦੇ ਲੋਕਾਂ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ 'ਮੋਤੀ ਮਹਿਲ' ਦਾ ਬਿਜਲੀ ਕੁਨੈਕਸ਼ਨ ਕੱਟ ਕੇ ਮਹਿਲਾਂ ਦੀ ਬਿਜਲੀ ਗੁੱਲ ਕਰੇਗੀ।

ਸ਼ੁੱਕਰਵਾਰ ਨੂੰ ਬਜਟ ਇਜਲਾਸ ਦੇ ਮੱਦੇਨਜ਼ਰ 'ਆਪ' ਵਿਧਾਇਕ ਦਲ ਦੀ ਚੰਡੀਗੜ੍ਹ 'ਚ ਹੋਈ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ।ਬੈਠਕ ਉਪਰੰਤ ਮੀਡੀਆ ਦੇ ਰੂਬਰੂ ਹੁੰਦਿਆਂ ਹਰਪਾਲ ਸਿੰਘ ਚੀਮਾ ਨੇ ਬੈਠਕ ਦੌਰਾਨ ਸਭ ਤੋਂ ਪਹਿਲਾਂ 2 ਮਿੰਟ ਦਾ ਮੋਨ ਰੱਖ ਕੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

ਚੀਮਾ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਰਾਹਤ ਨਹੀਂ ਦਿੰਦੀ ਤਾਂ ਮੋਤੀ ਮਹਿਲ ਤੋਂ ਬਾਅਦ ਸਾਰੇ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਘਰਾਂ ਦੇ ਬਿਜਲੀ ਕੁਨੈਕਸ਼ਨ ਵੀ ਕੱਟੇ ਜਾਣਗੇ।

ਮਨਪ੍ਰੀਤ ਬਾਦਲ ਨੂੰ ਫੇਲ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਤੱਕ ਦਾ ਸਭ ਤੋਂ ਨਖਿੱਧ-ਨਿਕੰਮਾ ਮੁੱਖ ਮੰਤਰੀ ਕਰਾਰ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪ੍ਰਤੀ ਸਾਲ ਬਾਦਲਾਂ ਵੇਲੇ ਸੂਬੇ ਸਿਰ ਜੋ ਕਰਜ਼ ਪ੍ਰਤੀ ਸਾਲ 13000 ਕਰੋੜ ਰੁਪਏ ਚੜ੍ਹਦਾ ਸੀ ਉਹ ਹੁਣ ਵੱਧ ਕੇ ਪ੍ਰਤੀ ਸਾਲ 16000 ਕਰੋੜ ਰੁਪਏ ਤੱਕ ਵਧ ਰਿਹਾ ਹੈ। ਨਤੀਜਾ ਇਹ ਨਿਕਲਿਆ ਜਿਹੜਾ ਪੰਜਾਬ 1985-86 ਤੱਕ ਸਰਪਲੱਸ ਖ਼ਜ਼ਾਨੇ ਦਾ ਮਾਲਕ ਸੀ। ਉਹ ਅੱਜ ਕਰੀਬ ਢਾਈ ਲੱਖ ਕਰੋੜ ਦਾ ਕਰਜ਼ਾਈ ਹੋ ਚੁੱਕਿਆ ਹੈ।