ਚੰਡੀਗੜ੍ਹ: ਵਿਧਾਨ ਸਭਾ 'ਚ 'ਆਪ' ਦੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਡੇਰੇ ਸਿਆਸਤ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਵਿਚਾਰ ਹੈ ਕਿ ਆਮ ਆਦਮੀ ਪਾਰਟੀ ਡੇਰਾ ਸਿਰਸਾ ਸਮੇਤ ਕਦੇ ਵੀ ਕਿਸੇ ਡੇਰੇ ਦੀ ਹਮਾਇਤ ਨਹੀਂ ਲਵੇਗੀ। ਉਨ੍ਹਾਂ ਕਿਹਾ ਕਿ ਡੇਰੇ ਸਿਆਸਤ ਦਾ ਪੱਖ ਪੂਰਨ ਵਾਲੇ ਅਪਣੇ ਲੀਡਰਾਂ ਦਾ ਵੀ ਵਿਰੋਧ ਕੀਤਾ ਜਾਏਗਾ। ਖਹਿਰਾ ਨੇ ਕਿਹਾ, "ਮੈਂ ਕੇਜਰੀਵਾਲ ਨੂੰ ਵੀ ਕਹਾਂਗਾ ਕਿ ਅੱਗੇ ਤੋਂ ਵੋਟਾਂ ਵੇਲੇ ਪੰਜਾਬ 'ਚ ਕਿਸੇ ਡੇਰੇ 'ਤੇ ਨਾ ਜਾਣ। ਹਾਲਾਂਕਿ ਉਹ ਪਹਿਲਾਂ ਵੀ ਵੋਟਾਂ ਲਈ ਕਦੇ ਨਹੀਂ ਗਏ। ਉਨ੍ਹਾਂ ਕਿਹਾ ਕਿ ਡੇਰੇ ਦੀ ਵੋਟ ਬੈਂਕ ਸਿਆਸਤ ਜਮਹੂਰੀਅਤ ਲਈ ਖਤਰਨਾਕ ਹੈ।" ਖਹਿਰਾ ਨੇ ਸਪਸ਼ਟ ਕੀਤਾ ਕਿ ਸਾਰੇ ਡੇਰੇ ਇੱਕੋ ਜਿਹੇ ਨਹੀਂ। ਕੁਝ ਡੇਰੇ ਚੰਗਾ ਕੰਮ ਵੀ ਕਰ ਰਹੇ ਹਨ ਪਰ ਡੇਰੇ 'ਤੇ ਵੋਟਾਂ ਮੰਗਣ ਕਿਸੇ ਪਾਰਟੀ ਨੂੰ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਸੁਖਬੀਰ ਬਾਦਲ ਡੇਰਾ ਸਿਰਸੇ ਨਾਲ ਲੈਣ-ਦੇਣ ਦੀ ਡੀਲ ਕਰਦਾ ਹੈ। ਵੋਟਾਂ ਲਈ ਅਕਾਲ ਤਖ਼ਤ ਤੋਂ ਮੁਆਫ਼ੀ ਦਿਵਾਉਂਦਾ ਹੈ। ਡੇਰੇ 'ਤੇ ਸ਼ਰਧਾ ਲਈ ਜਾਣਾ ਹੋਰ ਗੱਲ ਹੈ ਤੇ ਵੋਟਾਂ ਲਈ ਜਾਣਾ ਹੋਰ ਗੱਲ। ਸਾਰੀਆਂ ਪਾਰਟੀਆਂ ਨੂੰ ਡੇਰਾ ਸਿਆਸਤ ਬੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਡੇਰੇ ਸਿਰਸਾ ਦੇ ਸਮਰਥਕਾਂ ਵੱਲੋਂ ਕੀਤੀ ਹਿੰਸਾ ਬਿਲਕੁਲ ਗਲਤ ਹੈ। ਫੈਸਲੇ ਖਿਲਾਫ ਅਪੀਲ ਕੀਤੀ ਜਾ ਸਕਦੀ ਹੈ। ਡੇਰੇ ਦੇ ਸਮਰਥਕਾਂ ਨੇ ਜੋ ਕੀਤਾ ਬਿਲਕੁਲ ਗਲਤ ਕੀਤਾ।