ਆਮ ਆਦਮੀ ਪਾਰਟੀ ਦੇ ਨਿਸ਼ਾਨੇ 'ਤੇ ਕੈਪਟਨ
ਏਬੀਪੀ ਸਾਂਝਾ | 03 Sep 2017 07:18 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹ ਦਿੱਤੀ ਹੈ। ਪਾਰਟੀ ਦੇ ਸਾਰੇ ਵਿਧਾਇਕ 4 ਸਤੰਬਰ ਨੂੰ ਮੁੱਖ ਮੰਤਰੀ ਨਿਵਾਸੀ ਸਾਹਮਣੇ ਧਰਨਾ ਲਾਉਣਗੇ। ਆਮ ਆਦਮੀ ਪਾਰਟੀ ਲੁਧਿਆਣਾ ਸਿਟੀ ਸਕੈਮ ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰਸੱਟ ਘੁਟਾਲੇ ਨੂੰ ਲੈ ਕੇ ਕੈਪਟਨ ਨੂੰ ਘੇਰਨਾ ਚਾਹੁੰਦੀ ਹੈ। ਪਾਰਟੀ ਧਰਨਾ ਦੇ ਇਨ੍ਹਾਂ ਕੇਸਾਂ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕਰੇਗੀ। ਕੈਬਨਿਟ ਮੰਤਰੀ ਰਾਣਾ ਗੁਰਜੀਤ ਨੂੰ ਰੇਤ ਘੁਟਾਲੇ ਮਾਮਲੇ ਵਿੱਚ ਕਲੀਨ ਚਿੱਟ ਦੇਣ ਦਾ ਮੁੱਦਾ ਵੀ 'ਆਪ' ਵੱਲੋਂ ਉਠਾਇਆ ਜਾਵੇਗਾ। ਪਾਰਟੀ ਦੇ ਬੁਲਾਰੇ ਮੁਤਾਬਕ ਸਾਰੇ ਵਿਧਾਇਕ, ਹੋਰ ਨੇਤਾ, ਪਾਰਟੀ ਪ੍ਰਧਾਨ ਤੇ ਸੰਗਰੂਰ ਦੇ ਐਮ.ਪੀ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ 4 ਸਤੰਬਰ ਨੂੰ ਮੁੱਖ ਮੰਤਰੀ ਨਿਵਾਸੀ ਦੇ ਸਾਹਮਣੇ ਧਰਨਾ ਲਾਉਣਗੇ। ਤੈਅ ਪ੍ਰੋਗਰਾਮ ਮੁਤਾਬਕ 'ਆਪ' ਦੇ ਵਿਧਾਇਕ ਤੇ ਆਗੂ ਸਵੇਰੇ 10 ਵਜੇ ਪੰਜਾਬ ਵਿਧਾਨ ਸਭਾ ਅੱਗੇ ਇਕੱਠੇ ਹੋਣਗੇ। ਉਸ ਪਿਛੋਂ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਕਰਨਗੇ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਰਹਿੰਦਿਆਂ ਇਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਹੋ ਸਕਦੀ ਕਿਉਂ ਜੋ ਉਹ ਖੁਦ ਵਿਜੀਲੈਂਸ ਬਿਊਰੋ ਦੇ ਮੁਖੀ ਹਨ। ਉਨ੍ਹਾਂ ਕਿਹਾ ਕਿ ਕੈਪਟਨ ਜਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਜਾਂ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ।