ਵਿਧਾਇਕ 'ਤੇ ਹਮਲੇ ਮਗਰੋਂ 'ਆਪ' ਕੱਢੇਗੀ ਸਰਕਾਰ ਦਾ ਜੁਲੂਸ
ਏਬੀਪੀ ਸਾਂਝਾ | 21 Jun 2018 05:09 PM (IST)
ਚੰਡੀਗੜ੍ਹ: ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹਮਲੇ ਦੇ ਵਿਰੋਧ ਵਿੱਚ 'ਆਪ' ਪੂਰੇ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਫੂਕੇਗੀ। ਵਿਧਾਇਕ ਸੰਦੋਆ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ ਹੈ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਇੱਥੇ ਹੀ ਸਰਕਾਰ ਵਿਰੁੱਧ ਆਪਣੇ ਸੰਘਰਸ਼ ਦਾ ਐਲਾਨ ਕੀਤਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਲਕੇ ਪੰਜਾਬ ਭਰ ਵਿੱਚ ਮਈਨਿੰਗ ਮਾਫੀਆ ਦੇ ਮਸਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਸਾੜੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ ਤੇ ਇਸ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੰਵਰ ਸੰਧੂ ਨੇ ਕਿਹਾ ਪੰਜਾਬ ਵਿੱਚ ਗੁੰਡਾ ਰਾਜ ਚੱਲ ਰਿਹਾ ਹੈ ਤੇ ਰੋਜ਼ ਮਾਈਨਿੰਗ ਮਾਫੀਆ ਦੇ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਸਮੇਂ ਉਨ੍ਹਾਂ ਦੀ ਸਰਪ੍ਰਸਤੀ ਤੇ ਹੁਣ ਕਾਂਗਰਸੀ ਮਾਫੀਆ ਨੂੰ ਸਰਪ੍ਰਸਤੀ ਦੇ ਰਹੇ ਹਨ। ਸੰਦੋਆ ਦੇ ਹਮਲੇ ਦੇ ਚਸ਼ਮਦੀਦ ਰਾਕੇਸ਼ ਜਿੰਦਲ ਨੇ ਕਿਹਾ ਕਿ ਵਿਧਾਇਕ ਸਵੇਰੇ 9 ਵਜੇ ਮੀਡੀਆ ਨੂੰ ਨਾਲ ਲੈ ਕੇ ਨਜ਼ਾਇਜ਼ ਮਈਨਿੰਗ ਰੁਕਵਾਉਣ ਗਏ। ਉੱਥੇ ਮਾਫੀਆ ਹਥਿਆਰ ਬੰਦ ਸੀ। ਉਨ੍ਹਾਂ ਕਿਹਾ ਕਿ ਮਾਫੀਆ ਨੇ ਸੰਦੋਆ ਦੇ ਪੱਥਰ ਮਾਰੇ। ਰਾਕੇਸ਼ ਨੇ ਦੱਸਿਆ ਕਿ ਹਮਲਾਵਰ ਕੌਣ ਸੀ ਪਤਾ ਨਹੀਂ ਲੱਗਿਆ ਪਰ ਸ਼ਰ੍ਹੇਆਮ ਗੁੰਡਾਗਰਦੀ ਕਰ ਰਹੇ ਸੀ।