ਚੰਡੀਗੜ੍ਹ: ਆਮ ਆਦਮੀ ਪਾਰਟੀ ਵਿਚਾਲੇ ਸੁਖਪਾਲ ਖਹਿਰਾ ਦੇ ਖਾਲਿਸਤਾਨ ਵਾਲੇ ਮਸਲੇ 'ਤੇ ਛਿੜੀ ਜੰਗ ਦਾ ਨਿਬੇੜਾ ਹੋ ਸਕਦਾ ਹੈ। ਪਾਰਟੀ ਦੇ ਪੰਜਾਬ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਅਜਿਹੇ ਸੰਕੇਤ ਦਿੱਤੇ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ਆਪ ਨੂੰ ਹੀ ਪੰਜਾਬ ਵਿੱਚ ਤੀਜਾ ਬਦਲ ਦੱਸਿਆ ਹੈ ਤੇ ਬੈਂਸ ਦੇ ਬਿਆਨ ਦਾ ਖੰਡਨ ਕੀਤਾ ਹੈ।
ਦਰਅਸਲ, ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਬੀਤੇ ਕੱਲ੍ਹ 'ਏਬੀਪੀ ਸਾਂਝਾ' 'ਤੇ ਦਾਅਵਾ ਕੀਤਾ ਸੀ ਕਿ ਉਹ ਆਉਂਦੀਆਂ ਚੋਣਾਂ ਵਿੱਚ ਤੀਜਾ ਬਦਲ ਲਿਆਉਣਗੇ। ਉਨ੍ਹਾਂ ਨਾਲ ਸੀਪੀਆਈ, ਸੀਪੀਐਮ, ਬਸਪਾ ਤੇ ਆਪ ਸਮੇਤ ਕਈ ਸਿਆਸੀ ਪਾਰਟੀਆਂ ਸੰਪਰਕ ਵਿੱਚ ਹਨ।
ਇਸ 'ਤੇ ਡਾ. ਬਲਬੀਰ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਪੰਜਾਬ ਦਾ ਤੀਜਾ ਬਦਲ ਆਮ ਆਦਮੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਅਸੀਂ ਬੈਂਸ ਹੁਰਾਂ ਦੇ ਤੀਜੇ ਬਦਲ ਦਾ ਹਿੱਸਾ ਨਹੀਂ ਬਣਾਂਗੇ, ਪਰ ਬੈਂਸ ਸਾਡੇ ਝੰਡੇ ਹੇਠ ਆ ਸਕਦੇ ਹਨ। ਬਲਬੀਰ ਸਿੰਘ ਨੇ ਤਰਕ ਦਿੱਤਾ ਕਿ ਉਨ੍ਹਾਂ ਕੋਲ ਦੋ ਪਰ ਸਾਡੇ ਕੋਲ 20 ਵਿਧਾਇਕ ਹਨ ਤੇ ਪੰਜਾਬ ਦੇ ਲੋਕਾਂ ਨੇ ਸਾਨੂੰ ਤੀਜਾ ਬਦਲ ਬਣਾਇਆ ਹੈ।
ਸਹਿ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨਾਲ ਸਾਡੀ ਗਠਜੋੜ ਦੀ ਕੋਈ ਗੱਲਬਾਤ ਨਹੀਂ ਹੋਈ ਤੇ ਹੋਰ ਪਾਰਟੀਆਂ ਨਾਲ ਵੀ ਗਠਜੋੜ ਦੀ ਗੱਲ ਵੀ ਸਾਡੀ ਕੌਮੀ ਲੀਡਰਸ਼ਿਪ ਕਰੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੰਜਾਬ ਭਰ ਵਿੱਚ ਜਾਵਾਂਗਾ। ਡਾ. ਬਲਬੀਰ ਨੇ ਟਵੀਟ ਕਰ ਪਹਿਲਾਂ ਸੁਖਪਾਲ ਖਹਿਰਾ ਦੀ ਪੋਲ ਵੀ ਖੋਲ੍ਹੀ ਸੀ, ਪਰ ਹੁਣ ਉਹ ਇਸ ਮੁੱਦੇ 'ਤੇ ਨਰਮ ਪੈ ਗਏ ਹਨ।
ਖਹਿਰਾ ਨਾਲ ਆਪਣੇ 'ਮੱਤਭੇਦ' ਦੇ ਮੁੱਦੇ 'ਤੇ ਡਾ. ਬਲਬੀਰ ਨੇ ਕਿਹਾ ਕਿ ਉਹ ਸੁਖਪਾਲ ਖਹਿਰਾ ਨਾਲ ਖ਼ੁਦ ਸੰਪਰਕ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਇਕੱਠੇ ਬੈਠਾਂਗੇ, ਜੇ ਕੋਈ ਮੱਤਭੇਦ ਹੈ ਤਾਂ ਭੁਲਾ ਕੇ ਪਾਰਟੀ ਨੂੰ ਅੱਗੇ ਲੈ ਕੇ ਜਵਾਂਗੇ। ਬਲਬੀਰ ਸਿੰਘ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਪਾਰਟੀ ਸਭ ਤੋਂ ਪਹਿਲਾਂ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸੁਖਪਾਲ ਖਹਿਰਾ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨਾਲ ਮਿਲੇ ਸਨ ਤੇ ਸਿਸੋਦੀਆ ਨੇ ਉਨ੍ਹਾਂ ਨੂੰ ਖਾਲਿਸਤਾਨ ਦੇ ਮੁੱਦੇ 'ਤੇ ਝਾੜ ਵੀ ਪਾਈ ਸੀ। ਇਸ ਤੋਂ ਬਾਅਦ ਬਲਬੀਰ ਸਿੰਘ ਦਾ ਇਹ ਨਰਮ ਰਵੱਈਆ ਸੰਕੇਤ ਦਿੰਦਾ ਹੈ ਕਿ ਛੇਤੀ ਹੀ ਪਾਰਟੀ ਵਿੱਚ ਆਇਆ ਉਬਾਲ ਠੰਢਾ ਹੋ ਜਾਵੇਗਾ।