ਚੰਡੀਗੜ੍ਹ: ਅਮਰੀਕਾ ਦੀ ਜੇਲ੍ਹ ਵਿੱਚ ਬੰਦ 52 ਪੰਜਾਬੀਆਂ ਦੀ ਮਦਦ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਆਏ ਹਨ। ਉਨ੍ਹਾਂ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਵਿਦੇਸ਼ ਮੰਤਰੀ ਨੂੰ ਕਿਹਾ ਕਿ ਅਮਰੀਕਾ ਦੇ ਸੂਬੇ ਔਰੇਗਨ ਵਿੱਚ ਨਾਜਾਇਜ਼ ਆਵਾਸ ਦੇ ਦੋਸ਼ ਹੇਠ ਨਜ਼ਰਬੰਦ ਕੀਤੇ ਗਏ 52 ਪੰਜਾਬੀਆਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਕੋਲ ਇਨ੍ਹਾਂ ਵਿਅਕਤੀਆਂ ਸਬੰਧੀ ਕੋਈ ਪੁਖ਼ਤਾ ਜਾਣਕਾਰੀ ਮੌਜੂਦ ਨਹੀਂ।

 

ਮੁੱਖ ਮੰਤਰੀ ਨੇ ਟਵੀਟ ਕਰਕੇ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਅਮਰੀਕੀ ਸੂਬੇ ਵਿੱਚ ਕੁਝ ਨਾਜਾਇਜ਼ ਆਵਾਸੀਆਂ, ਜਿਨ੍ਹਾਂ ਵਿੱਚ ਸਿੱਖ ਵੀ ਸ਼ਾਮਲ ਹਨ, ਨੂੰ ਜੇਲ੍ਹ ਵਿੱਚ ਅਣਮਨੁੱਖੀ ਹਾਲਾਤ ਵਿੱਚ ਰੱਖੇ ਜਾਣ ਦੀਆਂ ਰਿਪੋਰਟਾਂ ਹਨ। ਸੂਬਾ ਸਰਕਾਰ ਇਸ ਮਾਮਲੇ ਵਿੱਚ ਕੇਂਦਰ ਨੂੰ ਦਖ਼ਲ ਦੇਣ ਦੀ ਅਪੀਲ ਕਰਦੀ ਹੈ। ਦੂਜੇ ਪਾਸੇ ਰਾਜ ਸਰਕਾਰ ਵੱਲੋਂ ਹਾਲੇ ਤੱਕ ਇਨ੍ਹਾਂ ਨਜ਼ਰਬੰਦ ਸਿੱਖਾਂ ਦੀ ਸ਼ਨਾਖ਼ਤ ਲਈ ਕੋਈ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ।

ਜ਼ਿਕਰਯੋਗ ਹੈ ਕਿ 2014 ਵਿੱਚ ਜਦ 40 ਭਾਰਤੀ ਇਰਾਕ ਵਿੱਚ ਲਾਪਤਾ ਹੋ ਗਏ ਸਨ ਤਾਂ ਰਾਜ ਸਰਕਾਰ ਵੱਲੋਂ ਪੀੜਤਾਂ ਦੇ ਰਿਸ਼ਤੇਦਾਰਾਂ ਲਈ ਸਕੱਤਰੇਤ ਵਿੱਚ ਕੰਟਰੋਲ ਰੂਮ ਕਾਇਮ ਕੀਤਾ ਗਿਆ ਸੀ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਸਿਆਸੀ ਸ਼ਰਨ ਮੰਗਣ ਵਾਲਿਆਂ ਦਾ ਮੁੱਦਾ ਵਿਦੇਸ਼ਾਂ ’ਚ ਹੋਰ ਮੁਸ਼ਕਲਾਂ ਵਿੱਚ ਘਿਰੇ ਵਿਅਕਤੀਆਂ ਨਾਲੋਂ ਬਿਲਕੁਲ ਵੱਖਰਾ ਹੈ। ਇਨ੍ਹਾਂ ਵਿੱਚੋਂ ਕੁਝ ਦੇਸ਼ ਵਿੱਚ ਕੋਈ ਅਪਰਾਧ ਕਰਨ ਦੇ ਦੋਸ਼ ਹੇਠ ਲੋੜੀਂਦੇ ਮੁਲਜ਼ਮ ਹੋ ਸਕਦੇ ਹਨ ਜਾਂ ਕਿਸੇ ਵੱਖਵਾਦੀ ਲਹਿਰ ਦਾ ਹਿੱਸਾ ਵੀ ਹੋ ਸਕਦੇ ਹਨ।

ਹਾਸਲ ਵੇਰਵਿਆਂ ਮੁਤਾਬਕ ਗ੍ਰਹਿ ਵਿਭਾਗ ਨੇ ਕੇਂਦਰੀ ਵਿਦੇਸ਼ ਮੰਤਰਾਲੇ ਕੋਲੋਂ ਇਨ੍ਹਾਂ 52 ਨਾਜਾਇਜ਼ ਸਿੱਖ ਆਵਾਸੀਆਂ ਬਾਰੇ ਜਾਣਕਾਰੀ ਮੰਗੀ ਹੈ। ਪੰਜਾਬ ਦੇ ਨਾਗਰਿਕਾਂ ਵੱਲੋਂ ਵਿਦੇਸ਼ਾਂ ਵਿੱਚ ਗ਼ੈਰਕਾਨੂੰਨੀ ਰਾਹ ਅਖ਼ਤਿਆਰ ਕਰਕੇ ਦਾਖ਼ਲ ਹੋਣ ਤੋਂ ਬਾਅਦ ਸਿਆਸੀ ਸ਼ਰਨ ਮੰਗਣ ਦਾ ਇਤਿਹਾਸ ਬੜਾ ਲੰਮਾ ਰਿਹਾ ਹੈ। ਅਤਿਵਾਦ ਦੇ ਦੌਰ ਵਿੱਚ ਇਸ ਮੰਤਵ ਲਈ ਮਨੁੱਖੀ ਹੱਕਾਂ ਦੇ ਘਾਣ ਅਤੇ ਨਕਲੀ ਪੁਲੀਸ ਮੁਕਾਬਲਿਆਂ ਦਾ ਹਵਾਲਾ ਦਿੱਤਾ ਜਾਂਦਾ ਰਿਹਾ ਹੈ।

ਦਰਅਸਲ ਅਮਰੀਕਾ ਵਿੱਚੋਂ ਗੈਰਕਾਨੂੰਨੀ ਪਰਵਾਸੀਆਂ ਦੀ ਦਰਦਨਾਕ ਕਹਾਣੀ ਸਾਹਮਣੇ ਆਈ ਹੈ। ਇਨ੍ਹਾਂ ਕੈਦੀਆਂ ਵਿੱਚ ਬਹੁਤੇ ਸਿੱਖ ਹੀ ਹਨ। ਉਹ ਜੇਲ੍ਹਾਂ ਵਿੱਚ ਰੁਲ ਰਹੇ ਹਨ ਤੇ ਉਨ੍ਹਾਂ ਨੂੰ 22 ਘੰਟੇ ਸੈੱਲਾਂ ਵਿੱਚ ਬੰਦ ਰੱਖਿਆ ਜਾਂਦਾ ਹੈ। ਜੇਲ੍ਹ ਵਿੱਚ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਆਪਣੇ ਦਰਦ ਉਨ੍ਹਾਂ ਨੇ ਕਾਂਗਰਸ ਦੀ ਮੈਂਬਰ ਸੁਜ਼ਾਨੇ ਬੋਨਾਮੀਕੀ ਨੂੰ ਦੱਸਿਆ।