ਜਲੰਧਰ: ਭਾਰਤੀ ਜਨਤਾ ਪਾਰਟੀ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਨਾਜਾਇਜ਼ ਉਸਾਰੀਆਂ ਢਾਹੁਣ ਲਈ ਵਿੱਢੀ ਮੁਹਿੰਮ ਨੂੰ ਰੋਕਣ ਵਾਲੇ ਕਾਂਗਰਸੀ ਵਿਧਾਇਕ ਸੁਸ਼ੀਲ ਕੁਮਾਰ 'ਤੇ ਗੰਭੀਰ ਇਲਜ਼ਾਮ ਲਗਾਏ। ਬੀਜੇਪੀ ਲੀਡਰ ਸ਼ੀਤਲ ਅੰਗੁਰਾਲ ਤੇ ਅਮਿਤ ਤਨੇਜਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜਲੰਧਰ ਪੱਛਮੀ ਤੋਂ ਵਿਧਾਇਕ ਰਿੰਕੂ 'ਤੇ ਨਾਜਾਇਜ਼ ਕਾਲੋਨੀ ਕਟਵਾਉਣ ਦੇ ਇਲਜ਼ਾਮ ਲਾਏ ਹਨ।

 

ਬੀਜੇਪੀ ਲੀਡਰਾਂ ਨੇ ਇਲਜ਼ਾਮ ਲਾਇਆ ਕਿ ਵਿਧਾਇਕ ਨੇ ਬਿਨਾ ਐਨਓਸੀ ਜਲੰਧਰ ਵੈਸਟ ਖੇਤਰ ਵਿੱਚ ਆਪਣੀ ਪਤਨੀ ਦੇ ਨਾਂ ਦੋ ਰਜਿਸਟ੍ਰੀਆਂ ਕਰਵਾਈਆਂ ਹਨ। ਉਨ੍ਹਾਂ ਦੱਸਿਆ ਕਿ ਇੱਕੋਂ ਥਾਂ 'ਤੇ ਹੋਈਆਂ 2 ਰਜਿਸਟ੍ਰੀਆਂ ਵਿੱਚ ਇੱਕ ਵਪਾਰਕ ਤੇ ਦੂਜੀ ਰਿਹਾਇਸ਼ੀ ਹੈ।



ਉਨ੍ਹਾਂ ਦੋਸ਼ ਲਾਇਆ ਕਿ ਐਮਐਲਏ ਰਿੰਕੂ ਆਪਣੀ ਪੁਸ਼ਤੈਨੀ ਜ਼ਮੀਨ 'ਤੇ ਵੀ ਇੱਲੀਗਲ ਕਾਲੋਨੀ ਕਟਵਾ ਰਿਹਾ ਹੈ। ਲੀਡਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਐਮਐਲਏ ਰਿੰਕੂ ਤੋਂ ਜਾਨ ਦਾ ਖਤਰਾ ਹੈ। ਉਨ੍ਹਾਂ ਮੀਡੀਆ ਸਾਹਮਣੇ ਕਿਹਾ ਕਿ ਜੇਕਰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਹੈ ਤਾਂ ਸੁਸ਼ੀਲ ਰਿੰਕੂ ਜ਼ਿੰਮੇਵਾਰ ਹੋਵੇਗਾ।

ਇਸ ਮਾਮਲੇ 'ਤੇ ਸੁਸ਼ੀਲ ਕੁਮਾਰ ਰਿੰਕੂ ਨੇ ਏਬੀਪੀ ਸਾਂਝਾ ਨੂੰ ਫ਼ੋਨ 'ਤੇ ਦੱਸਿਆ ਕਿ ਜੇਕਰ ਮੈਂ ਕੁਝ ਗ਼ਲਤ ਕੀਤਾ ਹੈ ਤਾਂ ਬੀਜੇਪੀ ਵਾਲੇ ਸਬੰਧਤ ਵਿਭਾਗ ਨੂੰ ਸ਼ਿਕਾਇਤ ਕਰਨ, ਡਿਪਾਰਟਮੈਂਟ ਇਸ 'ਤੇ ਐਕਸ਼ਨ ਲਵੇ। ਉਨ੍ਹਾਂ ਕਿਹਾ ਕਿ ਉਹ ਕੋਈ ਨਾਜਾਇਜ਼ ਕਾਲੋਨੀ ਨਹੀਂ ਕਟਵਾ ਰਿਹਾ। ਆਪਣੀ ਰਜਿਸਟ੍ਰੀ ਬਾਰੇ ਕਿਹਾ ਕਿ ਉਹ ਮੇਰੀ ਪਤਨੀ ਦੇ ਨਾਂ 'ਤੇ ਹੈ ਉਹ ਥਾਂ ਅਸੀਂ ਬਹੁਤ ਪਹਿਲਾਂ ਖਰੀਦੀ ਸੀ ਪਰ ਰਜਿਸਟ੍ਰੀ ਹੁਣ ਹੋਈ ਹੈ।