ਅਕਾਲੀ-ਭਾਜਪਾ ਨੇ ਚੁੱਕਿਆ ਨਾਜਾਇਜ਼ ਮਾਈਨਿੰਗ ਖਿਲਾਫ ਝੰਡਾ
ਏਬੀਪੀ ਸਾਂਝਾ | 21 Jun 2018 02:08 PM (IST)
ਚੰਡੀਗੜ੍ਹ: ਪਿਛਲੇ 10 ਸਾਲ ਆਪਣੀ ਸਰਕਾਰ ਵੇਲੇ ਨਾਜਾਇਜ਼ ਮਾਈਨਿੰਗ ਨੂੰ ਸਰਪ੍ਰਸਤੀ ਦੇ ਇਲਜ਼ਾਮਾਂ ਦਾ ਸਾਹਮਣਾ ਕਰਦੇ ਰਹੇ ਅਕਾਲੀ-ਭਾਜਪਾ ਗੱਠਜੋੜ ਨੇ ਹੁਣ ਨਾਜਾਇਜ਼ ਮਾਈਨਿੰਗ ਖਿਲਾਫ ਝੰਡਾ ਚੁੱਕਿਆ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਸਾਂਝਾ ਵਫਦ ਅੱਜ ਸ਼ਾਮ 5 ਵਜੇ ਪੰਜਾਬ ਦੇ ਰਾਜਪਾਲ ਨੂੰ ਰਾਜ ਭਵਨ ਵਿੱਚ ਮਿਲੇਗਾ। ਇਹ ਵਫਦ ਰਾਜਪਾਲ ਨੂੰ ਮਿਲ ਕੇ ਚੰਡੀਗੜ੍ਹ ਨੇੜੇ ਪਿੰਡ ਸਿਉਂਕ ਵਿੱਚ ਰੇਤ ਮਾਫੀਆ ਵੱਲੋਂ ਜੰਗਲਾਤ ਅਧਿਕਾਰੀਆਂ ਉੱਤੇ ਕੀਤੇ ਜਾਨਲੇਵਾ ਹਮਲੇ ਦੀ ਉੱਚ-ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕਰੇਗਾ। ਇਸ ਤੋਂ ਸਪਸ਼ਟ ਹੈ ਕਿ ਅਗਲੇ ਦਿਨਾਂ ਵਿੱਚ ਅਕਾਲੀ ਦਲ ਇਸ ਨੂੰ ਵੱਡਾ ਮੁੱਦਾ ਬਣਾਏਗਾ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਾਂਝੇ ਵਫ਼ਦ ਦੀ ਅਗਵਾਈ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਤੇ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਕੀਤੀ ਜਾਵੇਗੀ। ਦੋਵੇਂ ਪਾਰਟੀਆਂ ਦੇ ਹੋਰ ਸੀਨੀਅਰ ਆਗੂ ਵੀ ਇਸ ਵਫ਼ਦ ਦਾ ਹਿੱਸਾ ਹੋਣਗੇ। ਇਸ ਮੌਕੇ ਵਫ਼ਦ ਵੱਲੋਂ ਰਾਜਪਾਲ ਮੰਗ ਪੱਤਰ ਵੀ ਸੌਂਪਿਆ ਜਾਵੇਗਾ।