ਚੰਡੀਗੜ੍ਹ: ਸੂਬੇ ਦੇ ਲੋਕਾਂ ਨੂੰ ਬਿਜਲੀ ਦੀਆਂ ਮਹਿੰਗੀਆਂ ਦਰਾਂ ਤੋਂ ਨਿਜਾਤ ਦਿਵਾਉਣ ਦੇ ਮੰਤਵ ਨਾਲ ਆਮ ਆਦਮੀ ਪਾਰਟੀ ਪਿੰਡ ਤੇ ਸ਼ਹਿਰ ਪੱਧਰ 'ਤੇ ਕਮੇਟੀਆਂ ਬਣਾ ਕੇ ਆਮ ਲੋਕਾਂ ਤਕ ਪਹੁੰਚ ਕਰੇਗੀ। 'ਆਪ' ਵੱਲੋਂ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਨੂੰ ਸੁਣਨ ਲਈ ਇੱਕ ਲੱਖ ਵਲੰਟੀਅਰ ਜ਼ਮੀਨੀ ਪੱਧਰ 'ਤੇ ਕਾਰਜ ਕਰਨਗੇ।

ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਦਿੱਲੀ ਦੇ ਬਿਜਲੀ ਅੰਦੋਲਨ ਵਿਚ ਕੰਮ ਕਰ ਚੁੱਕੇ ਮਾਹਿਰ ਟਰੇਨਿੰਗ ਦੇ ਕੇ ਪੰਜਾਬ ਵਿਚ 5000 ਵਲੰਟੀਅਰਾਂ ਨੂੰ ਮਾਸਟਰ ਟ੍ਰੇਨਰ ਬਣਾਉਣਗੇ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਪੰਜਾਬ 'ਆਪ' ਪ੍ਰਧਾਨ ਭਗਵੰਤ ਮਾਨ ਨੇ ਸੰਗਰੂਰ ਤੋਂ ਕੀਤੀ ਅਤੇ ਸ਼ਨੀਵਾਰ ਨੂੰ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਲੁਧਿਆਣਾ ਖੇਤਰ ਦੇ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਦੀਆਂ ਮੁਸ਼ਕਲਾਂ ਸੁਣੀਆਂ। ਇਸ ਸੁਣਵਾਈ ਵਿਚ ਖੇਤਰ ਦੇ ਸੈਂਕੜੇ ਲੋਕਾਂ ਦੇ ਸ਼ਮੂਲੀਅਤ ਕਰ ਕੇ ਆਪਣੀਆਂ ਮੁਸ਼ਕਲਾਂ ਸੁਣਾਈਆਂ।

ਚੀਮਾ ਨੇ ਕਿਹਾ ਕਿ 'ਆਪ' ਦੇ ਵਲੰਟੀਅਰ ਆਮ ਉਪਭੋਗਤਾਵਾਂ ਨੂੰ ਮਿਲ ਕੇ ਦੱਸਣਗੇ ਕਿ ਕਿਸ ਪ੍ਰਕਾਰ ਸਰਕਾਰ ਵਾਧੂ ਟੈਕਸ ਲਗਾ ਕੇ ਉਨ੍ਹਾਂ ਤੋਂ ਵੱਧ ਮੁੱਲ ਵਸੂਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਦਿੱਲੀ ਅਤੇ ਪੰਜਾਬ ਵਿਚ ਬਿਜਲੀ ਦਰਾਂ ਦੇ ਅੰਤਰ ਨੂੰ ਵੀ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਹਿੰਗੀ ਬਿਜਲੀ ਮਿਲਣ ਦਾ ਅਸਲ ਕਾਰਨ ਕੈਪਟਨ ਸਰਕਾਰ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਮਿਲੀਭੁਗਤ ਹੈ।

ਚੀਮਾ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਸਾਬਤ ਹੋਈ ਹੈ ਅਤੇ ਆਮ ਆਦਮੀ ਪਾਰਟੀ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰ ਤਕ ਪਹੁੰਚ ਕਰੇਗੀ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਅਤੇ ਨਿੱਜੀ ਬਿਜਲੀ ਕੰਪਨੀਆਂ ਦੀ ਮਿਲੀਭੁਗਤ ਨੂੰ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਜ਼ੋਰ-ਸ਼ੋਰ ਨਾਲ ਚੁੱਕੇਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਆਉਂਦੇ ਬਜਟ ਸੈਸ਼ਨ ਵਿਚ ਵੀ ਇਸ ਮੁੱਦੇ ਨੂੰ ਚੁੱਕਿਆ ਜਾਵੇਗਾ ਅਤੇ ਸਰਕਾਰ ਤੋਂ ਇਸ ਸਬੰਧੀ ਸਪਸ਼ਟੀਕਰਨ ਮੰਗਿਆ ਜਾਵੇਗਾ।