ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਵਿੱਚ ਚਲਾਏ ਜਾ ਰਹੇ ਬਿਜਲੀ ਅੰਦੋਲਨ ਤਹਿਤ ਹੁਣ ਪਾਵਰਕੌਮ ਵੱਲੋਂ ਕੱਟੇ ਬਿਜਲੀ ਕੁਨੈਕਸ਼ਨ ਫਿਰ ਤੋਂ ਜੋੜਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ 'ਆਪ' ਦੇ ਵਲੰਟੀਅਰ ਜ਼ਬਰੀ ਕੱਟੇ ਕੁਨੈਕਸ਼ਨ ਫਿਰ ਤੋਂ ਜੋੜ ਰਹੇ ਹਨ।

ਪਾਰਟੀ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਬਿਜਲੀ ਅੰਦੋਲਨ ਤਹਿਤ ਸਿਰਫ਼ ਮਹਿੰਗੇ ਬਿਜਲੀ ਬਿੱਲਾਂ ਦਾ ਹੀ ਨੋਟਿਸ ਲਿਆ ਜਾ ਰਿਹਾ ਸੀ। ਹੁਣ ਪਾਵਰਕੌਮ ਵੱਲੋਂ ਬਿਜਲੀ ਖਪਤਕਾਰਾਂ ਦੇ ਘਰਾਂ ਦੇ ਕੱਟੇ ਕੁਨੈਕਸ਼ਨਾਂ ਫਿਰ ਤੋਂ ਜੋੜਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਅੰਦੋਲਨ ਦੇ ਅਸਰ ਦਾ ਅੰਦਾਜ਼ਾ ਪਿਛਲੇ ਦਿਨੀਂ ਪਾਵਰਕੌਮ ਵੱਲੋਂ ਬਿਜਲੀ ਬਿੱਲਾਂ ਵਿੱਚ ਕਟੌਤੀ ਤੋਂ ਲਾਇਆ ਜਾ ਸਕਦਾ ਹੈ। ਜਿੱਥੇ ਪਹਿਲਾਂ ਪਾਵਰਕੌਮ ਵੱਲੋਂ ਹਜ਼ਾਰਾਂ ਰੁਪਏ ਬਿਜਲੀ ਦੇ ਬਿੱਲ ਭੇਜ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ, ਉੱਥੇ ਬਿੱਲ ਭਰਨ ਦੇ ਅਸਮਰਥ ਲੋਕਾਂ ਦਾ ਕੁਨੈਕਸ਼ਨ ਵੀ ਕੱਟ ਰਹੀ ਹੈ।

ਉਨ੍ਹਾਂ ਕਿਹਾ ਕਿ 'ਆਪ' ਲੋਕਾਂ ਨਾਲ ਹੁੰਦੀ ਇਸ ਧੱਕੇਸ਼ਾਹੀ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਪਾਵਰਕੌਮ ਵੱਲੋਂ ਘਟਾਏ ਬਿਜਲੀ ਬਿੱਲਾਂ ਬਾਰੇ ਕਿਹਾ ਕਿ ਇਹ ਕਦਮ ਲੋਕਾਂ ਵਿੱਚ ਵਧਦੇ ਗ਼ੁੱਸੇ ਨੂੰ ਦੇਖ ਕੇ ਚੁੱਕਿਆ ਗਿਆ ਹੈ ਪਰ ਕੁਨੈਕਸ਼ਨ ਕੱਟਣ 'ਤੇ ਲੋਕਾਂ ਤੋਂ ਜਬਰੀ ਵਸੂਲੀ ਕਰਨਾ ਇਸ ਮੁੱਦੇ ਉੱਪਰ ਪਾਵਰਕੌਮ ਤੇ ਸਰਕਾਰ ਦੋਵੇਂ ਚੁੱਪ ਹਨ।

ਉਨ੍ਹਾਂ ਕਿਹਾ ਕਿ ਉੁਨ੍ਹਾਂ ਵੱਲੋਂ ਸੰਗਰੂਰ ਦੇ ਜਾਗੋਵਾਲ ਪਿੰਡ ਤੋਂ ਕਨੈਕਸ਼ਨ ਜੋੜਨ ਦੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਤਪਾ ਮੰਡੀ, ਭਦੌੜ, ਸਾਦਿਕ, ਧਰਮਕੋਟ, ਮੋਗਾ ਆਦਿ ਸਾਥਾਨਾਂ 'ਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕਨੈਕਸ਼ਨ ਜੋੜਨ ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕੀ ਜੇਕਰ ਸਰਕਾਰ ਇਸ ਮੁੱਦੇ ਉੱਪਰ ਕੋਈ ਠੋਸ ਕਦਮ ਨਹੀਂ ਚੁੱਕਦੀ ਤਾਂ ਉਹ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨਗੇ।