ਚੰਡੀਗੜ੍ਹ: ਆਮ ਆਦਮੀ ਪਾਰਟੀ ਦਾ ਦੋਹਰਾ ਚਿਹਰਾ ਸਾਹਮਣੇ ਆਇਆ ਹੈ। ਇੱਕ ਪਾਸੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮਾਫੀ ਮੰਗਦਿਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਲਾਏ ਇਲਜ਼ਾਮ ਗਲਤ ਸੀ, ਉੱਥੇ ਪਾਰਟੀ ਦੇ ਸੀਨੀਅਰ ਲੀਡਰ ਸੰਜੈ ਸਿੰਘ ਨੇ ਕਿਹਾ ਹੈ ਕਿ ਉਹ ਅੱਜ ਵੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਬੋਲੇ ਗਏ ਸ਼ਬਦਾਂ ’ਤੇ ਦ੍ਰਿੜ੍ਹ ਹਨ।
ਸਵਾਲ ਇਹ ਹੈ ਕਿ ਹੁਣ ਕੇਜਰੀਵਾਲ ਸਹੀ ਹਨ ਜਾਂ ਫਿਰ ਸੰਜੇ ਸਿੰਘ ਦਾ ਸਟੈਂਡ ਠੀਕ ਹੈ। ਦੋਵਾਂ ਲੀਡਰਾਂ ਦੇ ਵੱਖ-ਵੱਖ ਪੈਂਤੜਿਆਂ ਕਾਰਨ ਪਾਰਟੀ ਉੱਪਰ ਇੱਕ ਵਾਰ ਮੁੜ ਸਵਾਲ ਖੜ੍ਹੇ ਹੋਏ ਹਨ। ਯਾਦ ਰਹੇ ਕੇਜਰੀਵਾਲ ਨੇ ਪਿਛਲੇ ਦਿਨੀਂ ਮਜੀਠੀਆ ਤੋਂ ਮਾਫੀ ਲਈ ਸੀ ਜਿਸ ਮਗਰੋਂ ਪਾਰਟੀ ਅੰਦਰ ਵੱਡਾ ਵਿਵਾਦ ਹੋ ਗਿਆ ਸੀ। ਕੇਜਰੀਵਾਲ ਦੀ ਦਲੀਲ ਹੈ ਕਿ ਉਹ ਮਾਣਹਾਨੀ ਦੇ ਮੁਕੱਦਮਿਆਂ ਦਾ ਨਿਬੇੜਾ ਕਰਕੇ ਆਪਣਾ ਧਿਆਨ ਕੰਮ ਵੱਲ ਲਾਉਣਾ ਚਾਹੁੰਦਾ ਹਨ।
ਦੂਜੇ ਪਾਸੇ ਸੌਮਵਾਰ ਨੂੰ ਮਜੀਠੀਆ ਵੱਲੋਂ ਦਾਇਰ ਮਾਣਹਾਨੀ ਕੇਸ ਦੀ ਸੁਣਵਾਈ ਦੌਰਾਨ ‘ਆਪ’ ਆਗੂ ਸੰਜੈ ਸਿੰਘ ਨੇ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ੀ ਭੁਗਤੀ। ਇਸ ਮੌਕੇ ਉਨ੍ਹਾਂ ਆਖਿਆ ਕਿ ਉਹ ਅੱਜ ਵੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਬੋਲੇ ਗਏ ਸ਼ਬਦਾਂ ’ਤੇ ਦ੍ਰਿੜ੍ਹ ਹਨ।ਅਦਾਲਤ ਵਿੱਚ ਹਾਜ਼ਰ ਹੋਣ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ‘ਆਪ’ ਆਗੂ ਨੇ ਆਖਿਆ ਕਿ ਉਨ੍ਹਾਂ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਜੋ ਦੋਸ਼ ਲਾਏ ਸਨ, ਉਹ ਅੱਜ ਵੀ ਉਨ੍ਹਾਂ ’ਤੇ ਕਾਇਮ ਹਨ।
ਉਨ੍ਹਾਂ ਆਖਿਆ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਇਸ ਮਾਮਲੇ ਵਿੱਚ ਦਿੱਤੇ ਗਏ ਮਾਫ਼ੀਨਾਮੇ ਨਾਲ ਪੰਜਾਬ ਦੀ ਲੀਡਰਸ਼ਿਪ ਨੇ ਸਹਿਮਤੀ ਪ੍ਰਗਟਾਈ ਹੈ, ਜਿਸ ਕਾਰਨ ਹੁਣ ਪਾਰਟੀ ਵਿੱਚ ਸਭ ਠੀਕ ਹੈ। ਸੰਜੈ ਸਿੰਘ ਨੇ ਆਖਿਆ ਕਿ ਮਜੀਠੀਆ ਖ਼ਿਲਾਫ਼ ਲਾਏ ਦੋਸ਼ਾਂ ਸਬੰਧੀ ਦਿੱਤੇ ਆਪਣੇ ਬਿਆਨਾਂ ’ਤੇ ਉਹ ਪੂਰੀ ਤਰ੍ਹਾਂ ਕਾਇਮ ਹਨ। ਇਸ ਮਾਮਲੇ ਵਿੱਚ ਕਾਨੂੰਨ ਆਪਣਾ ਰਾਹ ਅਖ਼ਤਿਆਰ ਕਰੇਗਾ ਤੇ ਉਨ੍ਹਾਂ ਨੂੰ ਅਦਾਲਤ ਦਾ ਫੈਸਲਾ ਸਿਰ-ਮੱਥੇ ਪ੍ਰਵਾਨ ਹੋਵੇਗਾ।
ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 18 ਮਈ ਤੈਅ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੱਲੋਂ ਨਸ਼ਿਆਂ ਦੇ ਕਾਰੋਬਾਰ ਸਬੰਧੀ ਲਾਏ ਦੋਸ਼ਾਂ ਦੇ ਮਾਮਲੇ ਵਿੱਚ ‘ਆਪ’ ਆਗੂਆਂ ਅਰਵਿੰਦ ਕੇਜਰੀਵਾਲ, ਅਸ਼ੀਸ਼ ਖੇਤਾਨ, ਸੰਜੈ ਸਿੰਘ ਖ਼ਿਲਾਫ਼ ਮਾਣਹਾਨੀ ਦਾ ਮਾਮਲਾ ਦਾਇਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਅਰਵਿੰਦ ਕੇਜਰੀਵਾਲ ਤੇ ਅਸ਼ੀਸ਼ ਖੇਤਾਨ ਵੱਲੋਂ ਮਾਫ਼ੀ ਮੰਗੇ ਜਾਣ ਤੋਂ ਬਾਅਦ ਮਾਣਹਾਨੀ ਕੇਸ ਵਾਪਸ ਲੈ ਲਿਆ ਗਿਆ ਹੈ ਜਦੋਂਕਿ ਸੰਜੈ ਸਿੰਘ ਖਿਲਾਫ ਕੇਸ ਦੀ ਕਾਰਵਾਈ ਜਾਰੀ ਹੈ।