ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵਿੱਚ ਚਾਹੇ ਪਾਟੋਧਾੜ ਜਾਰੀ ਹੈ ਪਰ ਮਿਸ਼ਨ 2019 ਲਈ ਤਿਆਰੀਆਂ ਦੇ ਮਾਮਲੇ ਵਿੱਚ ਸਾਰੀਆਂ ਧਿਰਾਂ ਨਾਲੋਂ ਅੱਗੇ ਹੈ। ਪਾਰਟੀ ਦਸੰਬਰ ਵਿੱਚ ਸਾਰੇ ਲੋਕ ਸਭਾ ਹਲਕਿਆਂ ਲਈ ਉਮੀਦਵਾਰ ਐਲਾਨ ਕੇ ਚੋਣ ਪ੍ਰਚਾਰ ਵਿੱਚ ਕੁੱਦਣ ਦੀ ਰਣਨੀਤੀ ਬਣਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਸੂਤਰਾਂ ਮੁਤਾਬਕ ਹੁਣ ਤੱਕ ਪੰਜ ਉਮੀਦਵਾਰ ਐਲਾਨੇ ਜਾ ਚੁੱਕੇ ਹਨ ਤੇ ਬਾਕੀ ਅੱਠ ਉਮੀਦਵਾਰ ਵੀ ਅਗਲੇ ਕੁਝ ਦਿਨਾਂ ਵਿੱਚ ਐਲਾਨ ਦਿੱਤੇ ਜਾਣਗੇ। ਇਸ ਤਰ੍ਹਾਂ 'ਆਪ' ਬਾਕੀ ਸਾਰੀਆਂ ਪਾਰਟੀਆਂ ਨਾਲੋਂ ਬਾਜ਼ੀ ਮਾਰ ਗਈ ਹੈ। ਸੂਤਰਾਂ ਮੁਤਾਬਕ ਲੋਕ ਸਭਾ ਹਲਕਾ ਖਡੂਰ ਸਾਹਿਬ, ਪਟਿਆਲਾ, ਫਤਿਹਗੜ੍ਹ ਸਾਹਿਬ ਲਈ ਉਮੀਦਵਾਰਾਂ ਦਾ ਫ਼ੈਸਲਾ ਜਲਦੀ ਹੋ ਸਕਦਾ ਹੈ। ਬਾਕੀ ਉਮੀਦਵਾਰ ਵੀ ਦਸੰਬਰ ਤੱਕ ਫਾਈਨਲ ਹੋਣ ਜਾਣਗੇ।
ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਵੱਡੇ ਸੰਕਟ ਵਿੱਚ ਘਿਰਿਆ ਹੋਇਆ ਹੈ। ਸੱਤਧਿਰ ਕਾਂਗਰਸ ਖਿਲਾਫ ਵੀ ਪੰਜਾਬ ਦੇ ਲੋਕਾਂ ਖਾਸਕਰ ਮੁਲਾਜ਼ਮਾਂ ਤੇ ਕਿਸਾਨਾਂ ਵਿੱਚ ਰੋਸ ਹੈ। ਇਸ ਲਈ ਸਭ ਤੋਂ ਪਹਿਲਾਂ ਚੋਣ ਪ੍ਰਚਾਰ ਵਿੱਢ ਕੇ ਪਾਰਟੀ ਦੇ ਹੱਕ ਵਿੱਚ ਹਵਾ ਬਣਾਈ ਜਾ ਸਕਦੀ ਹੈ। ਆਮ ਆਦਮੀ ਪਾਰਟੀ ਨੂੰ ਇਹ ਵੀ ਭਰੋਸਾ ਹੈ ਕਿ ਬਾਗੀ ਖਹਿਰਾ ਧੜਾ ਵੱਖਰਾ ਮੰਚ ਬਣਾ ਕੇ ਵੀ ਉਨ੍ਹਾਂ ਦੀ ਵੋਟ ਬੈਂਕ ਨਹੀਂ ਤੋੜ ਸਕੇਗਾ।