ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਪ੍ਰਧਾਨ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਆਮ ਲੋਕਾਂ ਨੂੰ ਖੁੱਜਲ-ਖੁਆਰੀ ਤੇ ਆਰਥਿਕ ਸ਼ੋਸਣ ਤੋਂ ਬਚਾਉਣ ਲਈ ਨਵੀਂ ਪਹਿਲ ਕਰਦਿਆਂ ਆਪਣੇ ਹਲਕੇ 'ਚ ਸੇਵਾ ਕੇਂਦਰ (ਸੇਵਾ ਕੇਂਦਰ ਆਨ ਵੀਲ੍ਹ) ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਸੇਵਾਵਾਂ ਨੂੰ ਲੋਕ ਹਿਤੈਸ਼ੀ ਬਣਾਉਣ ਲਈ ਪੰਜਾਬ ਸਰਕਾਰ ਤੋਂ ਪੰਜਾਬ ਸੇਵਾ ਕੇਂਦਰ ਦੇ ਔਨਲਾਈਨ ਪੋਰਟਲ ਦੀ ਪਹੁੰਚ (ਪਾਸਵਰਡ) ਮੰਗਿਆ ਹੈ ਤਾਂ ਕਿ ਬਤੌਰ ਵਿਧਾਇਕ ਉਹ ਆਪਣੇ ਪੱਧਰ 'ਤੇ ਸੁਨਾਮ ਵਿੱਚ ਔਨਲਾਈਨ ਸੇਵਾ ਕੇਂਦਰ ਸ਼ੁਰੂ ਕਰਨ ਦੇ ਨਾਲ-ਨਾਲ ਆਪਣੇ 'ਸੇਵਾ ਕੇਂਦਰ ਆਨ ਵੀਲ੍ਹ ਦੀਆਂ ਸੇਵਾਵਾਂ ਵੀ ਆਨਲਾਈਨ ਕਰ ਸਕਣ।

'ਆਪ' ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਪੰਜਾਬ ਸੇਵਾ ਕੇਂਦਰ ਔਨਲਾਈਨ ਪੋਰਟਲ ਦੀ ਸਿੱਧੀ ਪਹੁੰਚ ਮੁਹੱਈਆ ਕਰਨ ਦੀ ਬੇਨਤੀ ਕੀਤੀ ਤਾਂ ਕਿ ਨਿੱਕੇ-ਮੋਟੇ ਸਰਕਾਰੀ ਕੰਮਾਂ ਲਈ ਦਫਤਰਾਂ 'ਚ ਭਟਕ ਤੇ ਖੱਜਲ-ਖੁਆਰ ਹੋ ਰਹੇ ਆਮ ਲੋਕਾਂ ਦੀ ਮੁਸ਼ਕਲਾਂ ਹੱਲ ਹੋ ਸਕਣ। ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਇਸ ਕਲਿਆਣਕਾਰੀ ਪਹਿਲ ਲਈ ਸਰਕਾਰ ਉਪਰ ਇੱਕ ਪੈਸੇ ਦਾ ਵੀ ਵਿੱਤੀ ਬੋਝ ਨਹੀਂ ਪਵੇਗਾ ਤੇ ਜਨਤਾ ਨੂੰ ਵੀ ਇਹ ਸੇਵਾਵਾਂ ਬਿਲਕੁਲ ਮੁਫਤ ਮੁਹੱਈਆਂ ਕੀਤੀਆਂ ਜਾਣਗੀਆਂ।

ਅਮਨ ਅਰੋੜਾ ਨੇ ਮੁੱਖ ਮੰਤਰੀ ਪੰਜਾਬ ਕੋਲ ਇਹ ਵੀ ਤਜਵੀਜ਼ ਰੱਖੀ ਕਿ ਉਨ੍ਹਾਂ ਦੇ ਇਸ ਤਜਰਬੇ ਨੂੰ ਪਾਇਲਟ ਪ੍ਰੋਜੈਕਟ ਵਜੋਂ ਪਰਖਿਆ ਜਾਵੇ ਤੇ ਇਸ ਦੇ ਤਸੱਲੀਬਖਸ਼ ਨਤੀਜਿਆਂ ਮਗਰੋਂ ਹਰੇਕ ਵਿਧਾਨ ਸਭਾ ਹਲਕੇ 'ਚ ਸਬੰਧਤ ਵਿਧਾਇਕਾਂ ਰਾਹੀਂ ਇਹ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਣ। ਅਮਨ ਅਰੋੜਾ ਨੇ ਕਿਹਾ ਕਿ ਸੇਵਾਂ ਕੇਂਦਰਾਂ ਦਾ ਉਦੇਸ਼ ਆਮ ਲੋਕਾਂ ਲਈ ਕਾਫੀ ਲਾਹੇਵੰਦ ਹੁੰਦਾ ਹੈ ਬਸ਼ਰਤੇ ਇਹ ਸੇਵਾ ਕੇਂਦਰ ਸੇਵਾ ਭਾਵਨਾ ਨਾਲ ਜਨਤਾ ਦੀ ਸੇਵਾ ਕਰਨ। ਉਨ੍ਹਾਂ ਦੀ ਇਸ ਪਹਿਲ ਦਾ ਉਦੇਸ਼ ਵੀ ਲੋਕਾਂ ਨੂੰ ਇੱਕੋ ਛੱਤ ਥੱਲੇ (ਸਿੰਗਲ ਵਿੰਡੋ) ਬਹੁਭਾਂਤੀਆਂ ਸੇਵਾਵਾਂ ਦੇਣਾ ਹੈ।

ਅਮਨ ਅਰੋੜਾ ਨੇ ਕਿਹਾ ਕਿ ਬੇਸ਼ੱਕ ਇਸ ਤਰ੍ਹਾਂ ਦੀਆਂ ਸੇਵਾਵਾਂ ਬੀ.ਐਸ.ਐਲ. ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਕੰਪਨੀ ਰਾਹੀਂ ਕਰ ਰਹੀ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਦਿਹਾਤੀ ਖੇਤਰਾਂ ਦੇ ਬਹੁਤ ਸੇਵਾ ਕੇਂਦਰਾਂ ਨੂੰ ਸਰਕਾਰ ਨੇ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਨਾਲ ਜਿੱਥੇ ਇਨ੍ਹਾਂ ਕੇਂਦਰਾਂ 'ਚ ਛੋਟੀਆਂ-ਮੋਟੀਆਂ ਨੌਕਰੀਆਂ ਕਰ ਰਹੇ ਸੈਂਕੜੇ ਲੋਕ ਬਿਲਕੁਲ ਬੇਰੁਜਗਾਰ ਹੋ ਜਾਣਗੇ, ਉੱਥੇ ਇਨ੍ਹਾਂ ਸੇਵਾ ਕੇਂਦਰਾਂ ਰਾਹੀਂ ਸੇਵਾਵਾਂ ਲੈਣ ਵਾਲੇ ਆਮ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਤੇ ਖੱਜਲ-ਖੁਆਰੀ ਝੱਲਣੀ ਪਵੇਗੀ।