ਚੰਡੀਗੜ੍ਹ: ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਏਅਰ ਇੰਡੀਆ ਦੀ ਪਹਿਲੀ ਸਿੱਧੀ ਉਡਾਣ ਅੱਜ ਅੰਮ੍ਰਿਤਸਰ ਏਅਰ ਤੋਂ ਰਵਾਨਾ ਹੋਈ। ਸ਼ਰਧਾਲੂਆਂ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਉਡਾਣ ਵਿੱਚ ਪ੍ਰਵੇਸ਼ ਕੀਤਾ। ਇਸ ਉਡਾਣ ਨੂੰ ਸ਼ੁਰੂ ਕਰਨ ਦੀ ਪਿਛਲੇ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ। ਟਰੇਨ ਰਾਹੀਂ ਲੰਬਾ ਸਫ਼ਰ ਹੋਣ ਕਾਰਨ ਲੋਕਾਂ ਲਈ ਨਾਂਦੇੜ ਸਾਹਿਬ ਜਾਣਾ ਬੜਾ ਮੁਸ਼ਕਲ ਸੀ ਪਰ ਹੁਣ ਇਸ ਉਡਾਣ ਰਾਹੀਂ ਤੀਰਥ ਸਥਾਨਾਂ ਦੇ ਦਰਸ਼ਨ ਕਰ ਸਕਣਗੇ।

ਇਸ ਦਾ ਸਿਹਰਾ ਸਿਰ ਲੈਣ ਲਈ ਕਾਂਗਰਸ ਤੇ ਬੀਜੇਪੀ ਨੇਤਾ ਉਡਾਣ ਨੂੰ ਹਰੀ ਝੰਡੀ ਦੇਣ ਲਈ ਪਹੁੰਚੇ। ਕਾਂਗਰਸੀ ਆਗੂ ਜਾਗੀਰ ਕੌਰ ਦਾ ਕਹਿਣਾ ਹੈ ਕਿ ਬੀਜੇਪੀ ਨੂੰ ਪੱਕੀਆਂ ਪਕਾਈਆਂ ਰੋਟੀਆਂ ਖਾਣ ਦੀ ਆਦਤ ਹੈ, ਉਹ ਪਿਛਲੇ ਦਸ ਸਾਲ ਤੋਂ ਇਹ ਉਡਾਣ ਨਹੀਂ ਚਲਾ ਸਕੀ। ਕਾਂਗਰਸੀ ਆਗੂ ਜਾਗੀਰ ਕੌਰ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮਿਹਨਤ ਸਦਕਾ ਇਹ ਉਡਾਣ ਦੀ ਸ਼ੁਰੂਆਤ ਹੋਈ ਹੈ।

ਦੂਜੇ ਪਾਸੇ ਪੰਜਾਬ ਬੀਜੇਪੀ ਪ੍ਰਧਾਨ ਵਿਜੈ ਸਾਂਪਲਾ ਦਾ ਕਹਿਣਾ ਕਿ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀ ਯਤਨਾਂ ਸਦਕਾ ਕੇਂਦਰ ਸਰਕਾਰ ਨੇ ਇਹ ਉਡਾਣ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਜੋ ਮਰਜ਼ੀ ਬੋਲੀ ਜਾਵੇ, ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ।