ਅੰਮ੍ਰਿਤਸਰ: ਕਈ ਵਾਰ ਬੰਦਾ ਕੁਝ ਹੋਰ ਸੋਚਦਾ ਹੈ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ। ਵੀਰਵਾਰ ਨੂੰ ਸਬ ਡਿਵੀਜ਼ਨ ਭਿੱਖੀਵਿੰਡ ਦੇ ਪਿੰਡ ਘੁਰਕਵਿੰਡ ਕੋਲ ਵਾਪਰੇ ਹਾਦਸੇ ਦੌਰਾਨ ਮਾਰੇ ਗਏ ਹਰਵਿੰਦਰ ਸਿੰਘ ਨੇ 2 ਫਰਵਰੀ ਨੂੰ ਕੰਮਕਾਜ ਲਈ ਦੁਬਈ ਜਾਣਾ ਸੀ।

ਉਸ ਦੇ ਪਰਿਵਾਰ ਦੀ ਮਾਲੀ ਹਾਲਤ ਠੀਕ ਨਹੀਂ ਸੀ। ਇਸ ਲਈ ਉਹ ਵਿਦੇਸ਼ ਜਾ ਕੇ ਭਵਿੱਖ ਸੁਧਾਰਨ ਦੇ ਸੁਫਨੇ ਵੇਖ ਰਿਹਾ ਸੀ। ਹਾਦਸੇ ਵਿੱਚ ਹਰਵਿੰਦਰ ਦੀ ਮਾਂ ਤੇ ਭੈਣ ਦੀ ਵੀ ਮੌਤ ਹੋ ਗਈ। ਇਸ ਪਰਿਵਾਰ ਵਿਚ ਸਿਰਫ 12 ਵਰ੍ਹਿਆਂ ਦਾ ਲੜਕਾ ਬਚਿਆ ਹੈ ਜਦਕਿ ਘਰ ਦੇ ਮੁਖੀ ਬਖ਼ਸ਼ੀਸ਼ ਸਿੰਘ ਦੀ ਕਾਫੀ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਦਰਅਸਲ ਵੀਰਵਾਰ ਨੂੰ ਭਿਆਨਕ ਹਾਦਸਾ ਵਾਪਰ ਗਿਆ। ਭਿੱਖੀਵਿੰਡ ਦੇ ਪਿੰਡ ਘੁਰਕਵਿੰਡ ਕੋਲ ਤੇਜ਼ ਰਫਤਾਰ ਵਰਨਾ ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਤਿੰਨ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਮੋਟਰਸਾਈਕਲ ਚਾਲਕ ਹਰਵਿੰਦਰ ਸਿੰਘ (24), ਉਸ ਦੀ ਮਾਤਾ ਮਨਜੀਤ ਕੌਰ (45) ਤੇ ਭੈਣ ਗੁਰਵਿੰਦਰ ਕੌਰ (18) ਵਾਸੀ ਲੋਹਕਾ ਸ਼ਾਮਲ ਹਨ। ਇਸ ਹਾਦਸੇ ਵਿੱਚ ਕਾਰ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ।

ਪੁਲਿਸ ਮੁਤਾਬਕ ਪਿੰਡ ਘੁਰਕਵਿੰਡ ਜਾ ਰਹੇ ਮੋਟਰਸਾਈਕਲ (ਨੰਬਰ ਪੀਬੀ 46 ਐਫ 9032) ਦੀ ਗਲਤ ਸਾਈਡ ਤੋਂ ਆਈ ਵਰਨਾ ਕਾਰ (ਨੰਬਰ ਪੀਬੀ 14 ਬੀ 5505) ਨਾਲ ਟੱਕਰ ਹੋ ਗਈ ਹੈ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਤਿੰਨ ਜਣਿਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਕਾਰ ਚਾਲਕ ਗੁਰਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।