ਰਮਨਦੀਪ ਕੌਰ


ਚੰਡੀਗੜ੍ਹ: ਕਿਤਾਬਾਂ ਮਨੁੱਖ ਦੀਆਂ ਉਹ ਸਾਥੀ ਹਨ ਜੋ ਉਸ ਨੂੰ ਕਦੇ ਵੀ ਇਕੱਲਾ ਮਹਿਸੂਸ ਨਹੀਂ ਹੋਣ ਦਿੰਦੀਆਂ। ਕਿਤਾਬਾਂ ਦੇ ਅੰਗ-ਸੰਗ ਰਹਿਣ ਵਾਲੇ ਮਨੁੱਖ ਦੀ ਸ਼ਖਸੀਅਤ 'ਚ ਨਿਖਾਰ ਸੁਭਾਵਕ ਗੱਲ ਹੈ। ਅਜੋਕੇ ਡਿਜ਼ੀਟਲ ਦੌਰ 'ਚ ਜਦ ਇਨਸਾਨ ਇਕੱਲਤਾ ਦਾ ਸ਼ਿਕਾਰ ਹੋ ਰਿਹਾ ਤਾਂ ਅਜਿਹੇ ਵਿੱਚ ਕਿਤਾਬਾਂ ਹੀ ਸਹੀ ਸੇਧ ਪ੍ਰਦਾਨ ਕਰ ਸਕਦੀਆਂ ਹਨ। ਚੰਗੇ ਤੇ ਨੈਤਿਕ ਸਮਾਜ ਦੀ ਸਿਰਜਣਾ ਤੇ ਮਨੁੱਖ ਦੇ ਬੌਧਿਕ ਵਿਕਾਸ ਲਈ ਕਿਤਾਬਾਂ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ।

ਅਜਿਹੇ 'ਚ ਲੋਕਾਂ ਨੂੰ ਕਿਤਾਬਾਂ ਪ੍ਰਤੀ ਆਕਰਸ਼ਿਤ ਕਰਨ ਲਈ ਪੁਸਤਕ ਮੇਲੇ, ਪੁਸਤਕ ਪ੍ਰਦਰਸ਼ਨੀ ਜਿਹੇਂ ਉੱਦਮ ਖ਼ਾਸ ਲੋੜੀਂਦੇ ਹਨ ਅਤੇ ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਨੈਸ਼ਨਲ ਬੁੱਕ ਟਰੱਸਟ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਂਝੇ ਉੱਦਮਾਂ ਸਦਕਾ ਪੁਸਤਕ ਮੇਲਾ ਕਰਵਾਇਆ ਜਾ ਰਿਹਾ ਹੈ। ਪਹਿਲੀ ਫਰਵਰੀ ਤੋਂ 9 ਫਰਵਰੀ ਤਕ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਦੇ ਗਾਂਧੀ ਭਵਨ ਦੇ ਸਾਹਮਣੇ ਨੇੜੇ ਸਟੂਡੈਂਟ ਸੈਂਟਰ ਇਹ ਪੁਸਤਕ ਮੇਲਾ ਲੱਗੇਗਾ। ਪਾਠਕ ਸਵੇਰ ਦੇ 11 ਵਜੇ ਤੋਂ ਰਾਤ 8 ਵਜੇ ਤਕ ਇਸ ਪੁਸਤਕ ਮੇਲੇ ਦਾ ਆਨੰਦ ਮਾਣ ਸਕਦੇ ਹਨ।

ਪੁਸਤਕ ਮੇਲੇ ਦੌਰਾਨ ਅਨੇਕਾਂ ਸਾਹਿਤਕ, ਬੱਚਿਆਂ ਨਾਲ ਸੰਬੰਧਤ ਕਾਰਜਸ਼ੈਲੀਆਂ, ਗਤੀਵਿਧੀਆਂ ਤੇ ਹੋਰ ਪ੍ਰੋਗਰਾਮ ਕਰਵਾਏ ਜਾਣਗੇ। ਇਨ੍ਹਾਂ ਪ੍ਰੋਗਰਾਮਾਂ 'ਚ ਉੱਘੇ ਸਾਹਿਤਕਾਰ ਸ਼ਮੂਲੀਅਤ ਕਰਨਗੇ। ਇਸ ਪੁਸਤਕ ਮੇਲੇ ਦੀ ਖ਼ਾਸੀਅਤ ਇਹ ਹੈ ਕਿ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਉਰਦੂ ਭਾਸ਼ਾਵਾਂ ਦੀਆਂ ਪੁਸਤਕਾਂ ਉਪਲਬਧ ਰਹਿਣਗੀਆਂ ਤੇ ਦੇਸ਼ ਦੇ ਪ੍ਰਮੁੱਖ ਪ੍ਰਕਾਸ਼ਕ ਪੁਸਤਕ ਮੇਲੇ ਦਾ ਹਿੱਸਾ ਬਣਨਗੇ।

ਪੁਸਤਕ ਮੇਲੇ ਦਾ ਉਦਘਾਟਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਮਿਤੀ ਪਹਿਲੀ ਫਰਵਰੀ, 2020 ਨੂੰ ਸਵੇਰ 11 ਵਜੇ ਕਰਨਗੇ। ਉਦਘਾਟਨ ਸਮਾਰੋਹ 'ਚ ਪਦਮਸ੍ਰੀ ਡਾ. ਸੁਰਜੀਤ ਪਾਤਰ, ਉੱਘੇ ਲੇਖਕ, ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੋਰਾਇਆ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਰਹਿਣਗੀਆਂ।

Education Loan Information:

Calculate Education Loan EMI