ਅੰਬਾਲਾ: ਹਰਿਆਣਾ ਦੇ ਅੰਬਾਲਾ ‘ਚ ਸੰਘਣੀ ਧੁੰਦ ਕਾਰਨ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ‘ਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਪੰਜ ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਚੰਡੀਗੜ੍ਹ ਦੇ ਪੀਜੀਆਈ ਤੇ ਅੰਬਾਲਾ ਦੇ ਹਸਪਤਾਲਾਂ ‘ਚ ਭਰਤੀ ਕੀਤਾ ਗਿਆ ਹੈ। ਇਹ ਹਾਦਸਾ ਸ਼ਨੀਵਾਰ ਦੇਰ ਰਾਤ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਵਾਪਰਿਆ।


ਹਾਦਸਾ ਉਦੋਂ ਵਾਪਰਿਆ ਜਦ ਦੋ ਟਵੇਰਾ ਗੱਡੀਆਂ ਵਿੱਚ ਔਰਤਾਂ ਤੇ ਬੱਚਿਆਂ ਸਮੇਤ ਸਵਾਰ 21 ਜਣਿਆਂ ਦੀ ਕਾਰ ਖ਼ਰਾਬ ਹੋ ਗਈ। ਚੰਡੀਗੜ੍ਹ-ਅੰਬਾਲਾ ਮੁੱਖ ਮਾਰਗ 'ਤੇ ਪਿੰਡ ਝਰਮਰੀ ਕੋਲ ਕਾਰ ਖ਼ਰਾਬ ਹੋ ਗਈ ਤੇ ਦੋਵੇਂ ਗੱਡੀਆਂ ਦੇ ਡਰਾਈਵਰ ਸੜਕ ਕੰਢੇ ਖੜ੍ਹ ਕੇ ਖ਼ਰਾਬੀ ਦੂਰ ਕਰਨ ਲੱਗੇ। ਇੰਨੇ ਵਿੱਚ ਹੀ ਕੋਈ ਅਣਪਛਾਤਾ ਵਾਹਨ ਆਇਆ ਤੇ ਦੋਵੇਂ ਗੱਡੀਆਂ ਨੂੰ ਦੂਰ ਤਕ ਘੜੀਸਦਾ ਲੈ ਗਿਆ।

ਇਸ ਹਾਦਸੇ ‘ਚ ਇੱਕ ਗੱਡੀ ਦੋ ਐਸਯੂਵੀ ‘ਚ ਟੱਕਰਾ ਗਈ। ਹਾਦਸੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਦੋ ਕਾਰਾਂ ਆ ਰਹੀਆਂ ਸੀ ਜੋ ਅਚਾਨਕ ਦੂਜੇ ਵਾਹਨ ‘ਚ ਟੱਕਰਾ ਗਈਆਂ। ਸੰਘਣੀ ਧੂੰਦ ਕਰਕੇ ਵੀਜ਼ੀਬਿਲਟੀ ਬੇਹੱਦ ਘੱਟ ਸੀ ਅਤੇ ਇਸੇ ਕਾਰਨ ਕਿਸੇ ਨੂੰ ਕੋਈ ਗੱਡੀ ਨਜ਼ਰ ਨਹੀਂ ਆਈ।

ਇਸ ਦੁਰਘਟਨਾ ਵਿੱਚ ਦੋਵੇਂ ਡਰਾਈਵਰਾਂ, ਤਿੰਨ ਔਰਤਾਂ ਤੇ ਦੋ ਬੱਚਿਆਂ ਦੀ ਮੌਤ ਹੋ ਗਈ। ਕਾਰ ਸਵਾਰ ਚੰਡੀਗੜ੍ਹ ਦੇ ਰਹਿਣ ਵਾਲੇ ਸਨ ਅਤੇ ਮਥੁਰਾ-ਵ੍ਰਿੰਦਾਵਨ ਦਰਸ਼ਨਾਂ ਲਈ ਜਾ ਰਹੇ ਸਨ। ਜਦ ਹਾਦਸਾ ਵਾਪਰਿਆ, ਉਦੋਂ ਧੁੰਦ ਕਾਫੀ ਸੀ ਤੇ ਦਿਖਾਈ ਵੀ ਸਾਫ਼ ਨਹੀਂ ਸੀ ਦੇ ਰਿਹਾ। ਪੁਲਿਸ ਸੀਸੀਟੀਵੀ ਤੇ ਘਟਨਾ ਸਥਾਨ ਤੋਂ ਮਿਲੇ ਸਬੂਤਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।