ਚੰਡੀਗੜ੍ਹ: ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਫਰੀਦਕੋਟ ਵਿੱਚ ਐਸਆਈਟੀ ਕੈਂਪ ਦਫ਼ਤਰ ਪਹੁੰਚ ਗਏ ਹਨ। ਇੱਥੇ ਉਨ੍ਹਾਂ ਦੇ ਬਿਆਨ ਕਲਮਬੱਧ ਕਰਵਾਏ ਜਾਣਗੇ। ਬੇਅਦਬੀ ਤੇ ਗੋਲੀ ਕਾਂਢ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਡਾ. ਚੀਮਾ ਨੂੰ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫ਼ੀ ਬਾਰੇ ਪੁੱਛ-ਗਿੱਛ ਲਈ ਤਲਬ ਕੀਤਾ ਸੀ। ਇਸ ਮੌਕੇ ਉਨ੍ਹਾਂ ਦੇ ਵਕੀਲ ਦਮਨ ਸਾਫਤੀ, ਪਰਮਬੰਸ ਸਿੰਘ ਰੋਮਾਣਾ ਤੇ ਮਨਤਾਰ ਸਿੰਘ ਬਰਾੜ ਵੀ ਉਨ੍ਹਾਂ ਨਾਲ ਹਾਜ਼ਰ ਸਨ। ਵਿਸ਼ੇਸ਼ ਜਾਂਚ ਟੀਮ ਨੇ ਇਸ ਬਾਰੇ ਸਵਾਲਾਂ ਦਾ ਪੂਰਾ ਖ਼ਾਕਾ ਤਿਆਰ ਕੀਤਾ ਹੈ। ਇਹ ਪੁੱਛਗਿੱਛ ਪੂਰੀ ਤਰ੍ਹਾਂ ਡੇਰਾ ਮੁਖੀ ਨੂੰ ਦਿੱਤੀ ਮੁਆਫ਼ੀ ‘ਤੇ ਕੇਂਦਰਤ ਰਹੇਗੀ।
ਵਿਸ਼ੇਸ਼ ਜਾਂਚ ਟੀਮ ਨੇ ਬਾਦਲਾਂ ਦੇ ਨੇੜਲੇ ਅਕਾਲੀ ਨੇਤਾ ਡਾ. ਦਲਜੀਤ ਚੀਮਾ ਨੂੰ ਸੰਮਨ ਭੇਜ ਕੇ 29 ਦਸੰਬਰ ਨੂੰ ਫ਼ਰੀਦਕੋਟ ਕੈਂਪ ਆਫ਼ਿਸ ‘ਚ ਪੇਸ਼ ਹੋਣ ਲਈ ਆਖਿਆ ਸੀ। ਜਾਂਚ ਟੀਮ ਤਰਫ਼ੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਵੀ ਆਧਾਰ ਬਣਾਇਆ ਜਾ ਰਿਹਾ ਹੈ। ਕਮਿਸ਼ਨ ਦੀ ਰਿਪੋਰਟ ਵਿੱਚ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ਵਿੱਚ ਡਾ. ਦਲਜੀਤ ਸਿੰਘ ਦੀ ਭੂਮਿਕਾ ਦੀ ਗੱਲ ਕੀਤੀ ਗਈ ਹੈ।
ਇਹ ਵੀ ਪੜ੍ਹੋ- ਬਾਦਲ ਦੇ ਕਰੀਬੀ ਦਲਜੀਤ ਚੀਮਾ ਨੂੰ ਡੇਰਾ ਮੁਖੀ ਦੀ ਮਾਫੀ 'ਤੇ ਘੇਰੇਗੀ ਸਿੱਟ
ਸੂਤਰਾਂ ਮੁਤਾਬਕ ਜਾਂਚ ਟੀਮ ਵੱਲੋਂ ਡਾ. ਚੀਮਾ ਦੀ ਪੁੱਛਗਿੱਛ ਮਗਰੋਂ ਕਿਸੇ ਹੋਰ ਸਿਆਸੀ ਨੇਤਾ ਨੂੰ ਬੁਲਾਏ ਜਾਣ ਦੀ ਸੰਭਾਵਨਾ ਘੱਟ ਹੈ। ਵਿਸ਼ੇਸ਼ ਜਾਂਚ ਟੀਮ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਜਾਂਚ ਲਈ ਬੁਲਾਏ ਜਾਣ ਦੀ ਤਿਆਰੀ ਨਾਲੋ-ਨਾਲ ਕੀਤੀ ਜਾ ਰਹੀ ਹੈ।