ਆਧਾਰ ਡਾਟਾ ਲੀਕ ਮਾਮਲੇ 'ਚ ਅਧਿਕਾਰੀਆਂ 'ਤੇ ਹੀ ਸਵਾਲ!
ਏਬੀਪੀ ਸਾਂਝਾ | 09 Jan 2018 03:02 PM (IST)
ਜਲੰਧਰ: ਕਾਂਗਰਸ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਆਧਾਰ ਡਾਟਾ ਲੀਕ ਹੋਣ ਕਰਕੇ UIDAI ਦੇ ਚੇਅਰਮੈਨ 'ਤੇ ਕੇਸ ਦਰਜ ਕੀਤਾ ਜਾਵੇ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਧਾਰਾ 405 ਆਈਪੀਸੀ ਤਹਿਤ ਡਾਟਾ ਲੀਕ ਹੋਣ ਲਈ ਚੇਅਰਮੈਨ ਤੇ ਹੋਰ ਅਫ਼ਸਰ ਜ਼ਿੰਮੇਵਾਰ ਹਨ। ਇਸ ਲਈ ਉਨ੍ਹਾਂ 'ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ। ਬੁਲਾਰੇ ਹਿਮਾਂਸ਼ੂ ਪਾਠਕ ਨੇ ਦੱਸਿਆ ਕਿ UIDAI ਦੇ ਰੀਜ਼ਨਲ ਸੈਂਟਰ ਚੰਡੀਗੜ੍ਹ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਨੇ ਮੰਨਿਆ ਸੀ ਕਿ ਡਾਇਰੈਕਟਰ ਜਨਰਲ ਤੇ ਉਨ੍ਹਾਂ ਤੋਂ ਇਲਾਵਾ ਕੋਈ ਤੀਜਾ ਇਨਸਾਨ ਅਜਿਹਾ ਨਹੀਂ ਜਿਸ ਕੋਲ ਵੈੱਬਸਾਈਟ ਦਾ ਐਕਸੈੱਸ ਹੋਵੇ। ਫਿਰ ਵੀ ਕਿਸੇ ਏਜੰਟ ਨੇ ਰਿਪੋਰਟਰ ਨੂੰ ਸਿਰਫ਼ 500 ਰੁਪਏ ਵਿੱਚ ਇਹ ਐਕਸੈੱਸ ਵੇਚ ਦਿੱਤਾ। ਇਸ ਦਾ ਮਤਲਬ UIDAI ਦੇ ਚੇਅਰਮੈਨ ਤੇ ਐਡੀਸ਼ਨਲ ਡਾਇਰੈਕਟਰ ਕਰਕੇ ਹੀ ਡਾਟਾ ਲੀਕ ਹੋਇਆ ਹੈ। ਇਸ ਲਈ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੇਅਰਮੈਨ ਤੇ ਹੋਰ ਜ਼ਿੰਮੇਵਾਰ ਅਫ਼ਸਰਾਂ 'ਤੇ ਕੇਸ ਦਰਜ ਕੀਤਾ ਜਾਵੇ। ਜਲੰਧਰ ਦੇ ਪੁਲਿਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੇਸ ਨੂੰ ਲੀਗਲ ਓਪੀਨੀਅਨ ਲਈ ਭੇਜਿਆ ਜਾ ਰਿਹਾ ਹੈ।