'ABP ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਮਾਨਸਾ: ਕਹਿੰਦੇ ਨੇ ਬੱਚਿਆਂ ਨੂੰ ਕੋਈ ਮਾਂ ਤੋਂ ਵੱਖ ਨਹੀਂ ਕਰ ਸਕਦਾ। ਜੇ ਬੱਚੇ ਮਾਂ ਤੋਂ ਦੂਰ ਹੋ ਜਾਣ ਤਾਂ ਉਸ ਨੂੰ ਸਮਾਜਿਕ ਗੁਨਾਹ ਵਾਂਗ ਦੇਖਿਆ ਜਾਂਦਾ ਹੈ ਪਰ ਕਰਜ਼ਾ ਸਿਰਫ਼ ਲੋਕਾਂ ਦੇ ਆਰਥਿਕ ਤੌਰ 'ਤੇ ਹੀ ਲੱਕ ਨਹੀਂ ਭੰਨ੍ਹ ਰਿਹਾ ਬਲਕਿ ਸਮਾਜਿਕ ਰਿਸ਼ਤਿਆਂ ਨੂੰ ਤੋੜ ਰਿਹਾ ਹੈ। ਮਾਨਸਾ ਦੇ ਪਿੰਡ ਝੁਨੀਰ ਦੇ ਦਲਿਤ ਖੇਤ ਮਜ਼ਦੂਰ ਪਰਿਵਾਰ ਦੀ ਕਹਾਣੀ ਦਿਲ ਦਹਿਲਾਉਣ ਵਾਲੀ ਹੈ। ਦਾਦੀ ਮੂਰਤੀ ਕੌਰ ਆਪਣੇ ਛੋਟੇ ਜਿਹੇ ਪੋਤੇ-ਪੋਤੀਆਂ ਨਾਲ ਇਕੱਲੀ ਰਹਿ ਰਹੀ ਹੈ। ਕੁਝ ਸਾਲ ਪਹਿਲਾਂ ਲੱਖਾਂ ਦੇ ਕਰਜ਼ੇ ਦੇ ਸਤਾਏ ਪੁੱਤ ਸੁਖਵਿੰਦਰ ਨੇ ਖ਼ੁਦਕੁਸ਼ੀ ਕਰ ਲਈ। ਪਰਿਵਾਰ 'ਤੇ ਦੁੱਖਾਂ ਦੇ ਪਹਾੜ ਟੱਟ ਗਏ। ਸੁਖਵਿੰਦਰ ਦੀ ਮੌਤ ਸਮੇਂ ਉਸ ਦੀ ਪਤਨੀ ਦੀ ਉਮਰ 28 ਸਾਲ ਦੀ ਕਰੀਬ ਸੀ। ਉਸ ਨੇ ਮੁੜ ਵਿਆਹ ਕਰਵਾਉਣ ਨੂੰ ਤਰਜੀਹ ਦਿੱਤੀ ਤੇ ਬੱਚਿਆਂ ਨੂੰ ਛੱਡ ਕੇ ਚਲੀ ਗਈ। ਉਸ ਮੌਕੇ ਪੋਤਾ ਨਵਜੋਤ ਤੇ ਪੋਤੀ ਅਰਸ਼ਦੀਪ ਬੇਹੱਦ ਛੋਟੇ-ਛੋਟੇ ਸੀ। ਕਿਸੇ ਗੱਲ ਦਾ ਕੁਝ ਨਹੀਂ ਪਤਾ ਸੀ ਪਰ ਮਾਂ ਲਈ ਬਹੁਤ ਰੋਏ। ਹੁਣ ਸ਼ਾਇਦ ਮਾਂ ਨੂੰ ਭੁੱਲ ਚੁੱਕੇ ਹਨ ਜਾਂ ਯਾਦ ਨਹੀਂ ਕਰਨਾ ਚਾਹੁੰਦੇ। ਨਵਜੋਤ ਨੂੰ ਹੁਣ ਮਾਂ ਦੀ ਯਾਦ ਨਹੀਂ ਆਉਂਦੀ। ਦਾਦੀ ਮੂਰਤੀ ਕੌਰ ਤਿੰਨ ਘਰਾਂ ਦਾ ਗੋਹਾ-ਕੂੜਾ ਕਰਕੇ ਮਹੀਨੇ ਦਾ ਸਿਰਫ਼ 1200 ਰੁਪਇਆ ਕਮਾਉਂਦੀ ਹੈ। ਬੈਂਕਾਂ ਵਾਲੇ ਉਸ 'ਚੋਂ ਵੀ ਕਿਸ਼ਤ ਦੇ ਪੈਸੇ ਲੈ ਜਾਂਦੇ ਹਨ। ਮੂਰਤੀ ਕੌਰ ਕਹਿੰਦੀ ਹੈ ਸਾਡੀ ਕਾਹਦੀ ਜੂਨ ਹੈ। ਸਾਡੀ ਬਾਂਹ ਤਾਂ ਸਰਕਾਰ ਵੀ ਨਹੀਂ ਫੜਦੀ। ਥੋੜ੍ਹੀ ਬਹੁਤ ਮਿਲਣ ਵਾਲੀ ਬੁਢਾਪਾ ਪੈਨਸ਼ਨ ਵੀ ਚਾਰ-ਚਾਰ ਮਹੀਨਿਆਂ ਬਾਅਦ ਆਉਂਦੀ ਹੈ। ਕਿਸਾਨਾਂ ਦੀ ਕਰਜ਼ ਮੁਆਫੀ ਦੀ ਗੱਲ ਹੋ ਰਹੀ ਹੈ ਪਰ ਸਾਡੀ ਕੌਣ ਕਰੂਗਾ। ਕਿਸਾਨਾਂ ਕੋਲ ਤਾਂ ਜ਼ਮੀਨਾਂ ਨੇ ਸਾਡੇ ਕੋਲ ਤਾਂ ਕੋਈ ਜ਼ਮੀਨ ਵੀ ਨਹੀਂ। ਇਸ ਉਮਰ 'ਚ ਵੀ ਧੱਕੇ ਖਾ ਰਹੇ ਹਨ। ਇਹ ਬੱਚੇ ਛੋਟੇ ਨੇ ਕੱਲ੍ਹ ਨੂੰ ਮੈਨੂੰ ਕੁਝ ਹੋ ਜਾਵੇ ਤਾਂ ਇਨ੍ਹਾਂ ਵਿਚਾਰਿਆਂ ਦਾ ਕੀ ਬਣੂੰ। ਛੱਡਣ ਵਾਲੀ ਤਾਂ ਛੱਡ ਕੇ ਚਲੀ ਗਈ। ਮੂਰਤੀ ਕੌਰ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਡੇ ਵਰਗੇ ਬੇਜ਼ਮੀਨੇ ਮਜ਼ਦੂਰਾਂ ਦੀ ਵੀ ਸਾਰ ਲਵੇ ਤਾਂ ਕਿ ਅਸੀਂ ਜ਼ਿੰਦਗੀ ਗੁਜ਼ਾਰ ਸਕੀਏ।