ਗੁਰਦਾਸਪੁਰ: ਕਰਤਾਰਪੁਰ ਸਾਹਿਬ ਕੌਰੀਡੋਰ ਲਈ ਅਜੇ ਸਿਰਫ਼ ਜ਼ੁਬਾਨੀ ਪ੍ਰਬੰਧ ਹੀ ਹੋਏ ਨੇ ਅਮਲੀ ਤੌਰ ਤੇ ਅਜੇ ਭਾਰਤ ਵਾਲੇ ਪਾਸੇ ਕਿਸੇ ਤਰ੍ਹਾਂ ਦੀ ਸ਼ੁਰੂਆਤ ਨਹੀਂ ਹੋਈ ਪਰ ਇਸ ਦਰਮਿਆਨ ਡੇਰਾ ਬਾਬਾ ਨਾਨਕ ਹਿੰਦ-ਪਾਕਿ ਸਰਹੱਦ 'ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਈਆਂ ਗਈਆਂ ਆਧੁਨਿਕ ਦੂਰਬੀਨਾਂ ਹਟਾ ਦਿੱਤੀਆਂ ਗਈਆਂ ਹਨ। ਦਰਸ਼ਨ ਸਥਲ 'ਤੇ ਬੀਐਸਐਫ਼ ਅਤੇ ਪੰਜਾਬ ਸਰਕਾਰ ਵੱਲੋਂ ਸੰਗਤ ਲਈ ਤਿੰਨ ਦੁਰਬੀਨਾਂ ਲਗਵਾਈਆਂ ਗਈਆਂ ਸਨ ਜਿਨ੍ਹਾਂ ਰਾਹੀਂ ਸੰਗਤ ਦੂਰੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੀ ਸੀ।

ਦੂਰਬੀਨਾਂ ਹਟਾਏ ਜਾਣ ਤੋਂ ਬਾਅਦ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪਹੁੰਚ ਰਹੀ ਸੰਗਤ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਧਰ ਕੋਈ ਵੀ ਪ੍ਰਬੰਧਕ ਅਧਿਕਾਰੀ ਇਸ ਗੱਲ ਬਾਰੇ ਬੋਲਣ ਨੂੰ ਤਿਆਰ ਨਹੀਂ ਕਿ ਦੂਰਬੀਨਾਂ ਨੂੰ ਕਿਸਨੇ ਅਤੇ ਕਿਉਂ ਹਟਾਈਆਂ ਹਨ।

ਇਹ ਵੀ ਪੜ੍ਹੋ- ਕਰਤਾਰਪੁਰ ਸਾਹਿਬ ਗਲਿਆਰੇ ਲਈ ਸੜਕਾਂ ਦੀ ਬਜਾਏ ਲੱਗੀਆਂ ਨਵੀਆਂ ਦੂਰਬੀਨਾਂ

ਡੇਰਾ ਬਾਬਾ ਨਾਨਕ ਵਿਖੇ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਆਉਂਦੀ ਸੰਗਤ ਦਾ ਕਹਿਣਾ ਹੈ ਕਿ ਬੇਸ਼ੱਕ ਕਰਤਾਰਪੁਰ ਸਾਹਿਬ ਕੌਰੀਡੋਰ ਦਾ ਕੰਮ ਚੱਲ ਰਿਹਾ ਹੈ ਪਰ ਦੂਰਬੀਨਾਂ ਲਗਾ ਦੇਣੀਆਂ ਚਾਹੀਦੀਆਂ ਨੇ ਤਾਂਕਿ ਦੂਰ-ਦੁਰੇਡੇ ਤੋਂ ਦਰਸ਼ਨ ਕਰਨ ਆਉਂਦੀ ਸੰਗਤ ਨੂੰ ਦਰਸ਼ਨ ਕਰਨ ਵਿੱਚ ਕੋਈ ਮੁਸ਼ਕਲ ਨਾ ਆਵੇ।

ਸੰਗਤ ਦਾ ਕਹਿਣਾ ਹੈ ਕਿ ਦੂਰਬੀਨ ਨਾਲ ਦਰਸ਼ਨ ਸਾਫ਼ ਤੌਰ ਉੱਤੇ ਹੋ ਜਾਂਦੇ ਸਨ ਪਰ ਪਤਾ ਨਹੀਂ ਕਿਸ ਵਜ੍ਹਾ ਨਾਲ ਦੂਰਬੀਨਾਂ ਇੱਥੋਂ ਹਟਵਾ ਦਿੱਤੀਆਂ ਗਈਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਦਰਸ਼ਨ ਸਥਲ ਉਤੇ ਲੱਗੀਆਂ ਤਿੰਨ ਦੂਰਬੀਨਾਂ ਨੂੰ ਹਟਵਾ ਦਿੱਤਾ ਗਿਆ ਇਸਦੀ ਵਜ੍ਹਾ ਕੀ ਹੈ ਇਸ ਦੇ ਬਾਰੇ ਕੋਈ ਵੀ ਪ੍ਰਬੰਧਕ ਅਧਿਕਾਰੀ ਕੈਮਰੇ ਦੇ ਸਾਹਮਣੇ ਦੱਸਣ ਨੂੰ ਤਿਆਰ ਨਹੀਂ ਹੈ।

ਸਬੰਧਤ ਖ਼ਬਰ- ਕਰਤਾਰਪੁਰ ਸਾਹਿਬ ਕੌਰੀਡੋਰ: ਪਾਕਿਸਤਾਨ ਵਾਲੇ ਪਾਸੇ ਜੰਗੀ ਪੱਧਰ 'ਤੇ ਕੰਮ ਜਾਰੀ, ਭਾਰਤੀ ਲੀਡਰ ਕ੍ਰੈਡਿਟ ਵਾਰ ਤੇ ਕਾਗ਼ਜ਼ੀ ਕਾਰਵਾਈ 'ਚ ਉਲਝੇ