ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਚ ਚੱਲ ਰਹੀ ਨਾਰਾਜ਼ਗੀ ਮਗਰੋਂ ਇਸ ਦਾ ਫਾਇਦਾ ਦੂਜੀਆਂ ਪਾਰਟੀਆ ਦੇ ਲੀਡਰ ਚੁੱਕ ਰਹੇ ਹਨ। ਵਿਰੋਧੀ ਪਾਰਟੀਆਂ ਦੀਆਂ ਸਿੱਧੂ ਨੂੰ ਆਪਣੇ ਹੱਕ ‘ਚ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਹੁਣ ਪੰਜਾਬੀ ਏਕਤਾ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਨੇ ਸਿੱਧੂ ਨੂੰ ਪੀਡੀਏ ‘ਚ ਆਉਣ ਦਾ ਸੱਦਾ ਦਿੱਤਾ ਹੈ।


ਖਹਿਰਾ ਨੇ ਕਿਹਾ ਕਿ ਜੇਕਰ ਸਿੱਧੂ ਨੂੰ ਕਾਂਗਰਸ ‘ਚ ਬਣਦਾ ਮਾਣ-ਸਨਮਾਨ ਨਹੀਂ ਦਿੱਤਾ ਜਾਂਦਾ ਤਾਂ ਉਹ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਹਿੱਸਾ ਬਣ ਸਕਦੇ ਹਨ। ਉਨ੍ਹਾਂ ਦੇ ਗਠਬੰਧਨ ‘ਚ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਖਹਿਰਾ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦੀ ਇਸ ਮਾਮਲੇ ਨੂੰ ਲੈ ਕੇ ਸਿੱਧੂ ਨਾਲ ਕੋਈ ਗੱਲ ਨਹੀਂ ਹੋਈ।

ਖਹਿਰਾ ਨੇ ਕਿਹਾ ਕਿ ਕੈਪਟਨ ਇੱਕ ਰਣਨੀਤੀ ਤਹਿਤ ਸਿੱਧੂ ਖਿਲਾਫ ਕਾਰਵਾਈ ਕਰ ਰਹੇ ਹਨ। ਉਹ ਜਾਣਬੁਝ ਕੇ ਸਿੱਧੂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਸਿੱਧੂ ਨੂੰ ਕਿਸੇ ਵੀ ਕੀਮਤ ‘ਤੇ ਆਪਣੇ ਸਿਧਾਤਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ।

ਖਹਿਰਾ ਤੋਂ ਪਹਿਲਾ ਸਿਮਰਜੀਤ ਸਿੰਘ ਬੈਂਸ ਵੀ ਸਿੱਧੂ ਨੂੰ ਪਾਰਟੀ ਜੁਆਇੰਨ ਕਰਨ ਦੀ ਪੇਸ਼ਕਸ਼ ਕਰ ਚੁੱਕੇ ਹਨ। ਉਨ੍ਹਾਂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਜੇਕਰ ਸਿੱਧੂ ਅਲਾਇੰਸ ਦਾ ਹਿੱਸਾ ਬਣਦੇ ਹਨ ਤਾਂ ਉਹ 2022 ਵਿਧਾਨ ਸਭਾ ਚੋਣਾਂ ‘ਚ ਪੰਜਾਬ ਮੁੱਖ ਮੰਤਰੀ ਵਜੋਂ ਪੇਸ਼ ਹੋਣਗੇ।