ਚੰਡੀਗੜ੍ਹ: ਪੰਜਾਬ ਵਿੱਚ ਵੱਡੀ ਜਿੱਤ ਮਗਰੋਂ ਆਮ ਆਦਮੀ ਪਾਰਟੀ ਹੁਣ ਛੱਤੀਸਗੜ੍ਹ, ਹਰਿਆਣਾ ਤੇ ਹਿਮਾਚਲ ਵਿੱਚ ਹੋਣ ਵਾਲੀਆਂ ਚੋਣਾਂ ਲਈ ਤਿਆਰੀ ਖਿੱਚ ਰਹੀ ਹੈ। ਆਮ ਆਦਮੀ ਪਾਰਟੀ ਨੇ ਸੂਬਿਆਂ ਲਈ ਪਾਰਟੀ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਹੈ। ਅਸਾਮ, ਛੱਤੀਸਗੜ੍ਹ, ਗੁਜਰਾਤ, ਹਰਿਆਣਾ, ਹਿਮਾਚਲ, ਪੰਜਾਬ ਤੇ ਕੇਰਲਾ ਦੇ ਲਈ ਇਹ ਨਿਯੁਕਤੀਆਂ ਕੀਤੀਆਂ ਹਨ।

ਆਮ ਆਦਮੀ ਪਾਰਟੀ ਨੇ ਹਰਿਆਣਾ ਲਈ ਇਲੈਕਸ਼ਨ ਇੰਚਾਰਜ ਵਜੋਂ ਸੌਰਭ ਭਾਰਦਵਾਜ ਹੋਣਗੇ ਜਦੋਂਕਿ ਸੁਸ਼ੀਲ ਗੁਪਤਾ ਇੰਚਾਰਜ ਅਤੇ ਮਹਿੰਦਰ ਚੌਧਰੀ ਨੂੰ ਕੋ-ਇੰਚਾਰਜ ਬਣਾਇਆ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਲਈ ਦੁਰਗੇਸ਼ ਪਾਠਕ ਨੂੰ ਇੰਚਾਰਜ ਬਣਾਇਆ ਗਿਆ ਹੈ। ਪੰਜਾਬ ਲਈ ਜਰਨੈਲ ਸਿੰਘ ਨੂੰ ਇੰਚਾਰਜ ਲਾਇਆ ਗਿਆ ਹੈ। ਜਦਕਿ ਛੱਤੀਸਗੜ੍ਹ ਦੇ ਲਈ ਇਲੈਕਸ਼ਨ ਇੰਚਾਰਜ ਗੋਪਾਲ ਰਾਏ ਤੇ ਇੰਚਾਰਜ ਸੰਜੀਵ ਝਾਅ ਹੋਣਗੇ।


ਉਧਰ ਪੰਜਾਬ ਤੋਂ ਰਾਜ ਸਭਾ ਮੈਂਬਰਾਂ ਲਈ ਆਮ ਆਦਮੀ ਪਾਰਟੀ ਨੇ ਕੁਝ ਨਾਂ ਤੈਅ ਕਰ ਲਏ ਹਨ। ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ, ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ ਤੇ ਸ਼ਵੇਤ ਮਲਿਕ ਦਾ ਕਾਰਜਕਾਲ ਖਤਮ ਹੋਣ ਮਗਰੋਂ ਰਾਜ ਸਭਾ ਦੀਆਂ ਪੰਜ ਸੀਟਾਂ ਖਾਲੀ ਹਨ। ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਹੈ।

ਅਜਿਹੇ 'ਚ ਆਮ ਆਦਮੀ ਪਾਰਟੀ ਪੰਜਾਬ ਤੋਂ ਕ੍ਰਿਕਟਰ ਹਰਭਜਨ ਸਿੰਘ, ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ, ਦਿੱਲੀ ਆਈਆਈਟੀ ਦੇ ਪ੍ਰੋਫੈਸਰ ਡਾਕਟਰ ਸੰਦੀਪ ਪਾਠਕ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਅਸ਼ੋਕ ਮਿੱਤਲ ਅਤੇ ਕਾਰੋਬਾਰੀ/ਸਮਾਜ ਸੇਵੀ ਸੰਜੀਵ ਅਰੋੜਾ  ਨੂੰ ਰਾਜ ਸਭਾ ਭੇਜ ਰਹੀ ਹੈ।

ਆਮ ਆਦਮੀ ਪਾਰਟੀ ਦੇ 'ਚਾਣਕਿਆ' ਕਹੇ ਜਾਂਦੇ ਡਾ. ਸੰਦੀਪ ਪਾਠਕ ਪੰਜਾਬ ਤੋਂ ਰਾਜ ਸਭਾ 'ਚ ਜਾਣਗੇ। ਆਮ ਆਦਮੀ ਪਾਰਟੀ ਦੀ ਪੰਜਾਬ 'ਚ ਵੱਡੀ ਜਿੱਤ ਪਿੱਛੇ ਡਾ. ਸੰਦੀਪ ਪਾਠਕ ਦੀ ਅਹਿਮ ਭੂਮਿਕਾ ਰਹੀ ਹੈ। ਸੰਦੀਪ ਪਾਠਕ ਨੇ 3 ਸਾਲ ਪੰਜਾਬ 'ਚ ਡੇਰੇ ਲਾਏ ਤੇ ਬੂਥ ਲੈਵਲ ਤੱਕ ਕੰਮ ਕੀਤਾ। ਡਾ. ਸੰਦੀਪ ਪਾਠਕ IIT ਵਿੱਚ ਭੌਤਿਕ ਵਿਗਿਆਨ ਦੇ ਇੱਕ ਜਾਣੇ-ਪਛਾਣੇ ਪ੍ਰੋਫੈਸਰ ਹਨ। ਜਾਣਕਾਰੀ ਮੁਤਾਬਕ ਡਾ. ਸੰਦੀਪ ਪਾਠਕ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ CM ਭਗਵੰਤ ਮਾਨ ਦੇ ਕਰੀਬੀ ਹਨ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਪਹਿਲਾਂ ਹੀ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਉਮੀਦਵਾਰ ਪੰਜਾਬੀ ਹੋਣੇ ਚਾਹੀਦੇ ਹਨ। ਪੰਜਾਬ ਦੇ ਕੋਟੇ ਵਿੱਚੋਂ ਦੂਜੇ ਰਾਜਾਂ ਦੇ ਆਗੂ ਨਾ ਭੇਜੇ ਜਾਣ।

ਅਜਿਹੇ 'ਚ ਕ੍ਰਿਕਟਰ ਹਰਭਜਨ ਨੂੰ ਲੈ ਕੇ ਸਹਿਮਤੀ ਬਣੀ ਹੈ। ਉਨ੍ਹਾਂ ਨੂੰ ਸੀਐਮ ਭਗਵੰਤ ਮਾਨ ਦਾ ਵੀ ਸਮਰਥਨ ਹਾਸਲ ਹੈ ਕਿਉਂਕਿ ਉਹ ਉਨ੍ਹਾਂ ਨੂੰ ਸਪੋਰਟਸ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਵੀ ਸੌਂਪਣਾ ਚਾਹੁੰਦੇ ਹਨ। ਹਰਭਜਨ ਸਿੰਘ ਜਲੰਧਰ ਦਾ ਰਹਿਣ ਵਾਲੇ ਹਨ। ਹਾਲਾਂਕਿ ਰਾਘਵ ਚੱਢਾ 'ਤੇ ਵੀ ਸਹਿਮਤੀ ਬਣੀ ਹੋਈ ਹੈ। ਬੀਤੇ ਦਿਨੀਂ ਅਰਵਿੰਦ ਕੇਜਰੀਵਾਲ ਨੇ ਵਿਧਾਇਕਾਂ ਦੇ ਸਾਹਮਣੇ ਡਾਕਟਰ ਸੰਦੀਪ ਪਾਠਕ ਦੀ ਤਾਰੀਫ ਕੀਤੀ ਸੀ।