ਚੰਡੀਗੜ੍ਹ: ਸਿਆਸਤਦਾਨਾਂ ਵੱਲੋਂ ਅਕਸਰ ਦਾਅਵਾ ਕੀਤਾ ਜਾਂਦਾ ਹੈ ਕਿ ਅਮਨ-ਕਾਨੂੰਨ ਦੀ ਹਾਲਤ ਪੱਖੋਂ ਪੰਜਾਬ ਦੇ ਹਾਲਾਤ ਨਾਜੁਕ ਹਨ। ਪੰਜਾਬ ਦੇ ਨਾਲ-ਨਾਲ ਕੇਂਦਰ ਦੇ ਲੀਡਰਾਂ ਵੱਲੋਂ ਪੰਜਾਬ ਦੀ ਸਥਿਤੀ ਉੱਪਰ ਸਵਾਲ ਉਠਾਏ ਜਾਂਦੇ ਹਨ ਪਰ ਤਾਜ਼ਾ ਅੰਕੜੇ ਸਾਬਤ ਕਰਦੇ ਹਨ ਕਿ ਪੰਜਾਬ ਨਾਲੋਂ ਗੁਆਂਢੀ ਸੂਬੇ ਹਰਿਆਣਾ ਦੇ ਅੰਦਰੂਨੀ ਹਾਲਤ ਬੇਹੱਦ ਮਾੜੇ ਹਨ।



ਤਾਜ਼ਾ ਅੰਕੜਿਆਂ ਵਿੱਚ ਖੁਲਾਸਾ ਹੋਇਆ ਹੈ ਕਿ ਹਰਿਆਣਾ ਵਿੱਚ ਅਪਰਾਧ ਲਗਾਤਾਰ ਵਧਦਾ ਜਾ ਰਿਹਾ ਹੈ। ਸੂਬੇ ਦੇ ਹਰ ਜ਼ਿਲ੍ਹੇ ਵਿੱਚ ਅਪਰਾਧ ਦੇ ਮਾਮਲੇ ਵਧਦੇ ਜਾ ਰਹੇ ਹਨ। ਅਜਿਹਾ ਕੋਈ ਜ਼ਿਲ੍ਹਾ ਨਹੀਂ ਜਿਸ ਵਿੱਚ ਇੱਕ ਹਜ਼ਾਰ ਤੋਂ ਘੱਟ ਕੇਸ ਦਰਜ ਨਾ ਹੋਏ ਹੋਣ। ਇੰਨਾ ਹੀ ਨਹੀਂ ਪੰਜਾਬ ਨਾਲੋਂ ਹਰਿਆਣਾ ਵਿੱਚ ਅਪਰਾਧ ਦਾ ਗ੍ਰਾਫ ਦੋ ਗੁਣਾ ਵਧ ਗਿਆ ਹੈ।

ਰਾਜ ਵਿੱਚ ਸਾਲ 2020 ਦੇ ਮੁਕਾਬਲੇ 2021 ਵਿੱਚ ਭਾਰਤੀ ਦੰਡਾਵਲੀ ਤਹਿਤ 8047 ਕੇਸਾਂ ਵਿੱਚ ਵਾਧਾ ਹੋਇਆ ਹੈ। ਸਾਲ 2020 ਵਿੱਚ 1,03,276 ਤੇ ਸਾਲ 2021 ਵਿੱਚ 1,12,677 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਸਨ। ਇਸ ਦੇ ਨਾਲ ਹੀ ਸਾਲ 2020 ਵਿਚ ਸਥਾਨਕ ਤੇ ਵਿਸ਼ੇਸ਼ ਮਾਮਲੇ ਵੀ 89,119 ਸਨ, ਪਰ 2021 ਵਿਚ ਇਨ੍ਹਾਂ ਦੀ ਗਿਣਤੀ ਵਧ ਕੇ 93,744 ਹੋ ਗਈ।

ਪੰਜਾਬ ਨਾਲੋਂ ਜੁਰਮ ਦਾ ਇਹ ਵਾਧਾ ਦੋ ਗੁਣਾ ਹੈ। ਸਾਲ 2019 'ਚ ਪੰਜਾਬ 'ਚ 44697 ਤੇ ਸਾਲ 2020 'ਚ 49870 ਮਾਮਲੇ ਦਰਜ ਕੀਤੇ ਗਏ ਸਨ, ਜਦਕਿ ਹਰਿਆਣਾ 'ਚ ਸਾਲ 2019 'ਚ 1,11,324 ਤੇ ਸਾਲ 2020 'ਚ 1,03,276 ਅਪਰਾਧਿਕ ਵਾਰਦਾਤਾਂ ਹੋਈਆਂ ਸਨ। ਸਾਲ 2020 ਵਿੱਚ ਹਰਿਆਣਾ ਆਈਪੀਸੀ ਮਾਮਲਿਆਂ ਵਿਚ ਦੇਸ਼ ਵਿੱਚ 16ਵੇਂ ਨੰਬਰ 'ਤੇ ਸੀ। ਸਾਲ 2020 ਵਿੱਚ, ਤਾਮਿਲਨਾਡੂ ਵਿੱਚ ਸਭ ਤੋਂ ਵੱਧ 8,91,700 ਅਪਰਾਧ ਦੇ ਮਾਮਲੇ ਦਰਜ ਕੀਤੇ ਗਏ ਹਨ। ਸਰਕਾਰ ਵੱਲੋਂ ਇਹ ਅੰਕੜੇ ਹਰਿਆਣਾ ਵਿਧਾਨ ਸਭਾ ਵਿੱਚ ਰੱਖੇ ਗਏ ਹਨ।

ਹਰਿਆਣਾ ਵਿੱਚ, ਗੁਰੂਗ੍ਰਾਮ ਵਿੱਚ ਸਭ ਤੋਂ ਵੱਧ 13,161 ਅਪਰਾਧ ਦੇ ਮਾਮਲੇ ਹਨ, ਜਦੋਂਕਿ ਫਰੀਦਾਬਾਦ ਵਿੱਚ 9,751 ਹਨ। ਇਸ ਤੋਂ ਬਾਅਦ ਕਰਨਾਲ 'ਚ 7563, ਪਾਣੀਪਤ 'ਚ 6971, ਹਿਸਾਰ 'ਚ 6281 ਮਾਮਲੇ ਦਰਜ ਕੀਤੇ ਗਏ ਹਨ। ਸਾਲ 2021 ਵਿੱਚ ਪੂਰੇ ਰਾਜ ਵਿੱਚ ਅਪਰਾਧ ਦੇ 1,12,677 ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਘੱਟ ਮਾਮਲੇ 1064 ਦੇ ਚਰਖੀ ਦਾਦਰੀ ਵਿੱਚ ਸਾਹਮਣੇ ਆਏ ਹਨ।