ਗਗਨਦੀਪ ਸ਼ਰਮਾ
ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਲੁਭਾਉਣ ਲਈ ਮੋਬਾਈਲ ਫੋਨ ਦੇਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਨੌਜਵਾਨਾਂ ਨੇ ਬਹੁਤ ਪਸੰਦ ਕੀਤਾ। ਕੈਪਟਨ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਨੇ ਲੱਖਾਂ ਦੀ ਗਿਣਤੀ 'ਚ ਨੌਜਵਾਨਾਂ ਕੋਲੋਂ ਧੜਾਧੜ ਫਾਰਮ ਭਰਵਾਏ ਪਰ ਸਰਕਾਰ ਨੂੰ ਤਿੰਨ ਸਾਲ ਬੀਤਣ ਦੇ ਬਾਵਜੂਦ ਹਾਲੇ ਤੱਕ ਇਸ ਵਾਅਦੇ ਨੂੰ ਪੂਰਾ ਕਰਨ ਦਾ ਕੋਈ ਬਹੁਤਾ ਚੇਤਾ ਨਹੀਂ ਆਇਆ।
ਮੀਡੀਆ ਵੱਲੋਂ ਤਿੰਨ ਸਾਲ ਬੀਤਣ ਤੋਂ ਬਾਅਦ ਜਦੋਂ ਇਹ ਵਾਅਦਾ ਯਾਦ ਕਰਵਾਇਆ ਜਾਂ ਵਿਰੋਧੀ ਧਿਰ ਨੇ ਇਸ ਨੂੰ ਕੈਪਟਨ ਦੀ ਵਾਅਦਾ ਖਿਲਾਫ਼ੀ ਦੱਸਿਆ। ਇਸ ਮਗਰੋਂ ਕੈਪਟਨ ਨੇ ਅਕਤੂਬਰ 'ਚ ਬਕਾਇਦਾ ਐਲਾਨ ਕੀਤਾ ਕਿ 26 ਜਨਵਰੀ, 2020 ਨੂੰ ਗਣਤੰਤਰ ਦਿਵਸ ਮੌਕੇ ਸੂਬੇ ਦੇ 11ਵੀਂ ਤੇ 12ਵੀਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮੋਬਾਇਲ ਦਿੱਤੇ ਜਾਣਗੇ। ਇਸ ਐਲਾਨ ਤੋਂ ਬਾਅਦ ਸੂਬੇ ਦੇ ਸਕੂਲਾਂ 'ਚ ਪੜ੍ਹਦੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਆਸ ਬੱਝੀ ਕਿ ਹੁਣ ਮੋਬਾਈਲ ਮਿਲ ਜਾਣਗੇ।
ਆਧੁਨਿਕਤਾ ਦੇ ਯੁੱਗ 'ਚ ਕੈਪਟਨ ਵੱਲੋਂ ਗਰੀਬ ਵਿਦਿਆਰਥੀਆਂ ਨੂੰ ਜੋ ਵਾਅਦਾ ਪੂਰਾ ਕਰਨ ਦਾ ਜੋ ਸੁਪਨਾ ਦਿਖਾਇਆ ਗਿਆ ਸੀ, ਉਹ 26 ਜਨਵਰੀ ਨੂੰ ਇੱਕ ਵਾਰ ਫਿਰ ਟੁੱਟ ਗਿਆ। ਨੌਜਵਾਨ ਹੁਣ ਕੈਪਟਨ ਨੂੰ ਵਾਅਦਾ ਨਾ ਪੂਰਾ ਕਰਨ 'ਤੇ ਕੋਸ ਰਹੇ ਹਨ। ਸੂਬੇ ਦੇ ਸਰਹੱਦੀ ਸਕੂਲਾਂ 'ਚ ਪੜ੍ਹਨ ਵਾਲੇ 11ਵੀਂ ਤੇ 12ਵੀਂ ਦੇ ਵਿਦਿਆਰਥੀ ਗ਼ਰੀਬ ਘਰਾਂ ਤੋਂ ਹਨ। ਉਨ੍ਹਾਂ ਨੇ ਕਿਹਾ ਕਿ ਅੱਜਕੱਲ੍ਹ ਦੀ ਪੜ੍ਹਾਈ ਦੇ ਮਾਮਲੇ 'ਚ ਮੋਬਾਈਲ ਬਹੁਤ ਲਾਹੇਵੰਦ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਨੋਟਿਸ ਤੇ ਪੜ੍ਹਾਈ ਨਾਲ ਜੁੜੀਆਂ ਗੱਲਾਂ ਅੱਜਕੱਲ੍ਹ ਮੋਬਾਈਲ ਨਾਲ ਹਾਸਲ ਕੀਤੀਆਂ ਜਾ ਸਕਦੀਆਂ ਹਨ। ਸਰਕਾਰ ਨੇ ਸਾਨੂੰ ਇਹ ਸੁਪਨਾ ਕਈ ਵਾਰ ਦਿਖਾਇਆ ਤੇ ਇਸ ਨੂੰ ਪੂਰਾ ਨਾ ਕਰਕੇ ਕੈਪਟਨ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਸਰਕਾਰ ਸੂਬੇ ਦੇ ਭਵਿੱਖਤ ਮੰਨੇ ਜਾਂਦੇ ਨੌਜਵਾਨਾਂ ਪ੍ਰਤੀ ਗੰਭੀਰ ਹੀ ਨਹੀਂ।